ਪਰਸ਼ੋਤਮ ਬੱਲੀ
ਬਰਨਾਲਾ, 13 ਨਵੰਬਰ
ਅਜੋਕੇ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ੀ ਸਥਲ ਸਥਾਨਕ ਰੇਲਵੇ ਸਟੇਸ਼ਨ ’ਤੇ ਲੱਗੇ ਸਾਂਝੇ ਕਿਸਾਨ ਧਰਨੇ ਤੋਂ ਅੱਜ ਪਿੰਡ ਖੁੱਡੀ ਕਲਾਂ ਦੇ ਨੌਜਵਾਨ ਪਲਵਿੰਦਰ ਸਿੰਘ ਨੇ ਬਰਾਤ ਸਮੇਤ ਪੁੱਜ ਕੇ ਆਪਣੇ ਵਿਆਹ ਸਮਾਗਮ ਨੂੰ ਅੰਦੋਲਨੀ ਰੰਗ ’ਚ ਰੰਗਦਿਆਂ ਸੰਘਰਸ਼ ਨਾਲ ਇਕਜੁਟਤਾ ਪ੍ਰਗਟਾਈ ਤੇ ਮੋਦੀ ਹਕੂਮਤ ਖ਼ਿਲਾਫ਼ ਨਾਅਰੇਬਾਜ਼ੀ ਉਪਰੰਤ ਬਰਾਤ ਲੈ ਕੇ ਰਵਾਨਾ ਹੋਇਆ। ਆਗੂਆਂ ਨੇ ਖੁਸ਼ੀ ’ਚ ਸ਼ਾਮਲ ਹੁੰਦਿਆਂ ਦੱਸਿਆ ਕਿ ਪਿੰਡ ਖੁੱਡੀ ਕਲਾਂ ਦੇ ਪਲਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਨੇ ਆਪਣੀ ਬਰਾਤ ਦੀ ਰਵਾਨਗੀ ਲਈ ਧਰਨੇ ਵਾਲੀ ਥਾਂ ਨੂੰ ਚੁਣਿਆ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਾਏ ਨਾਅਰਿਆਂ ਨਾਲ ਬਰਾਤ ਨੂੰ ਬਹੁਤ ਭਾਵੁਕ ਅੰਦਾਜ਼ ਨਾਲ ਰਵਾਨਾ ਕੀਤਾ ਗਿਆ। ਪੱਕੇ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਜਸਵੰਤ ਕੌਰ ਬਰਨਾਲਾ, ਗੋਰਾ ਸਿੰਘ ਢਿੱਲਵਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ 26 ਨਵੰਬਰ ਨੂੰ ਦਿੱਲੀ ਮੋਰਚੇ ਦੀ ਪਹਿਲੀ ਵਰ੍ਹੇਗੰਢ ਹੈ ਅਤੇ ਅੱਜ ਦਿੱਲੀ ਵੱਲ ਵੱਡੇ ਕਾਫ਼ਲੇ ਭੇਜਣ ਲਈ ਠੋਸ ਵਿਉਂਤਬੰਦੀ ਕੀਤੀ ਹੈ। ਪਿੰਡਾਂ ਵਿੱਚ ਲਾਮਬੰਦੀ ਕਰਨ ਲਈ ਮੀਟਿੰਗਾਂ ਕਰਨ ਦੇ ਪ੍ਰੋਗਰਾਮ ਉਲੀਕੇ ਗਏ ਤੇ ਡਿਊਟੀਆਂ ਲਗਾਈਆਂ ਗਈਆਂ। ਬੁਲਾਰਿਆਂ ਨੇ ਅਦਾਕਾਰਾ ਸੋਨੀਆ ਮਾਨ ਦੇ ਇੱਕ ਸਿਆਸੀ ਪਾਰਟੀ ਵੱਲੋਂ ਚੋਣ ਲੜਨ ਦੀਆਂ ਅਫ਼ਵਾਹਾਂ ਦਾ ਵੀ ਗੰਭੀਰ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਭਾਵੇਂ ਤਕਨੀਕੀ ਤੌਰ ’ਤੇ ਉਹ ਕਿਸੇ ਸ਼ਖ਼ਸ ਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਸਕਦੇ ਪਰ ਨੈਤਿਕ ਪੱਖੋਂ ਇਹ ਬਹੁਤ ਨਿੰਦਣਯੋਗ ਕਾਰਵਾਈ ਹੈ।