ਪਰਸ਼ੋਤਮ ਬੱਲੀ
ਬਰਨਾਲਾ, 27 ਅਪਰੈਲ
ਸੰਯੁੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ’ਤੇ ਲਾਇਆ ਧਰਨਾ ਅੱਜ 209ਵਾਂ ਦਿਨ ਪਾਰ ਕਰ ਗਿਆ| ਅੱਜ ਧਰਨੇ ਨੂੰ ਗੁੁਰਦੇਵ ਮਾਂਗੇਵਾਲ, ਗਿਆਨੀ ਰਾਮ ਸਿੰਘ, ਗੁੁਰਦਰਸ਼ਨ ਸਿੰਘ ਦਿਓਲ, ਗੁੁਰਨਾਮ ਸਿੰਘ ਠੀਕਰੀਵਾਲਾ, ਮਾਸਟਰ ਰਾਜਿੰਦਰ ਭਦੌੜ, ਗੁੁਲਾਬ ਸਿੰਘ ਗਿੱਲ, ਮਨਜੀਤ ਰਾਜ, ਪ੍ਰੇਮਪਾਲ ਕੌਰ, ਜਸਪਾਲ ਕੌਰ, ਜਸਪਾਲ ਚੀਮਾ, ਹਰਚਰਨ ਚੰਨਾ, ਬਾਬੂ ਸਿੰਘ ਖੁੱਡੀ ਕਲਾਂ, ਬਲਵੀਰ ਸੇਖਾ ਤੇ ਸੁੁਖਦੇਵ ਸਿੰਘ ਵਜੀਦਕੇ ਕਲਾਂ ਨੇ ਸੰਬੋਧਨ ਕੀਤਾ|
ਇਸ ਮੌਕੇ ਬੁੁਲਾਰਿਆਂ ਨੇ ਕਿਹਾ ਕਿ ਮੌਜੂਦਾ ਕਿਸਾਨ ਅੰਦੋਲਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੁੁਆਰਾ ਲਗਾਤਾਰ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੀ ਮਿਹਨਤ ਦਾ ਸਿੱਟਾ ਹੈ| ਪਰੌੜ ਆਗੂਆਂ ਦੀ ਸੂਝ-ਬੂਝ ਤੇ ਤਜਰਬੇ ਦੇ ਕਾਰਨ ਹੀ ਇਹ ਅੰਦੋਲਨ ਜਨ-ਅੰਦੋਲਨ ਬਣ ਸਕਿਆ ਹੈ| ਪਰ ਅੱਜ ਕੁੱਝ ਸੋਸ਼ੇਬਾਜ਼ ਤੇ ਹੋਛੀਆਂ ਧਿਰਾਂ ਦੇ ਆਗੂ ਇਸ ਅੰਦੋਲਨ ਦੇ ਕੰਧਾੜੇ ਚੜ੍ਹ ਕੇ ਰਾਤੋ-ਰਾਤ ਨੇਤਾ ਬਣਨਾ ਚਾਹੁੰਦੇ ਹਨ ਤੇ ਅੰਦੋਲਨ ਨੂੰ ਲੀਹੋਂ ਲਾਹੁੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਿਸਾਨ ਕਾਮਯਾਬ ਨਹੀਂ ਹੋਣ ਦੇਣਗੇ|
ਕਿਸਾਨ ਆਗੂਆਂ ਦਿੱਲੀ ਮੋਰਚਿਆਂ ਦੀ ਮਜ਼ਬੂਤੀ ਲਈ ਦਿੱਲੀ ਮੋਰਚਿਆਂ ਵੱਲ ਕੂਚ ਕਰਨ ਦਾ ਸੱਦਾ ਦਿੱਤਾ|
ਅੱਜ ਰਾਜਵਿੰਦਰ ਸਿੰਘ ਮੱਲੀ ਅਤੇ ਸੁੁਖਪਾਲ ਕੌਰ ਬਡਬਰ ਦੇ ਕਵੀਸ਼ਰੀ ਜਥਿਆਂ ਨੇ ਆਪਣੀਆਂ ਜ਼ੋਸੀਲੀਆਂ ਵਾਰਾਂ ਰਾਹੀਂ ਦਿੱਲੀ ਸਰਕਾਰ ਨੂੰ ਵੰਗਾਰਿਆ| ਬੀਰਾ ਸੇਖਾ ਤੇ ਜਗਦੀਸ਼ ਲੱਧਾ ਨੇ ਗੀਤ ਸੁੁਣਾਏ| ਲੰਗਰ ਦੀ ਸੇਵਾ ਪਿੰਡ ਪੱਖੋ ਕੇ ਵਾਸੀਆਂ ਨੇ ਕੀਤੀ|