ਲਖਵੀਰ ਸਿੰਘ ਚੀਮਾ
ਟੱਲੇਵਾਲ, 21 ਅਕਤੂਬਰ
ਖੇਤੀ ਕਾਨੂੰਨਾਂ ਦੇ ਵਿਰੋਧ ’ਚ ਲਗਾਤਾਰ 21ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਐਸਾਰ ਪੰਪ ਭੋਤਨਾ ਅੱਗੇ ਧਰਨਾ ਜਾਰੀ ਰਿਹਾ। 21ਵੇਂ ਦਿਨ ਵੀ ਕਿਸਾਨ, ਨੌਜਵਾਨ ਅਤੇ ਔਰਤਾਂ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਧਰਨੇ ’ਚ ਸ਼ਾਮਲ ਹੋਏ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਇਹ ਸੰਘਰਸ਼ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗਾ। ਦਸਹਿਰਾ ਮੋਦੀ ਸਰਕਾਰ ਦੇ ਪੁਤਲੇ ਸਾੜ ਕੇ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਇਕੱਲੀ ਐਮਐਸਪੀ ਨਹੀਂ, ਬਲਕਿ ਪੰਜਾਬ ਸਰਕਾਰ ਫ਼ਸਲਾਂ ਦੀ ਖ਼ਰੀਦ ਦੀ ਵੀ ਗਾਰੰਟੀ ਦੇਵੇ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਰੇਲਵੇ ਸਟੇਸ਼ਨ ’ਤੇ ਡਟੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨਿਰਮਲ ਸਿੰਘ ਮਾਣੂੰਕੇ, ਬਲਵੰਤ ਸਿੰਘ ਬ੍ਰਾਹਮਕੇ, ਸੂਰਤ ਸਿੰਘ ਧਰਮਕੋਟ ਆਦਿ ਨੇ ਪੰਜਾਬ ਵਿਧਾਨ ਸਭਾ ਵੱਲੋਂ ਲਿਆਂਦੇ ਖੇਤੀ ਬਿੱਲਾਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਜਿੱਥੇ ਇਨ੍ਹਾਂ ਵਿਚ ਘੱਟ ਭਾਅ ’ਤੇ ਖ਼ਰੀਦ ਕਰਨ ’ਤੇ ਸਜ਼ਾ ਦੇਣ ਦੀ ਸ਼ਲਾਘਾ ਕੀਤੀ, ਉੱਥੇ ਉਨ੍ਹਾਂ ਇਹ ਕਾਨੂੰਨ ਸਖ਼ਤੀ ਨਾਲ ਲਾਗੂ ਕਰਨ ’ਤੇ ਜ਼ੋਰ ਦਿੱਤਾ। ਪਿੰਡ ਰਾਜੇਆਣਾ ਵਿਚ ਰਿਲਾਂਇਸ ਪੈਟਰੋਲ ਪੰਪ ’ਤੇ 21ਵੇਂ ਦਿਨ ਵੀ ਮਜ਼ਦੂਰ-ਕਿਸਾਨ ਡਟੇ ਰਹੇ।
ਬੀਕੇਯੂ ਏਕਤਾ ਉਗਰਾਹਾਂ ਦੇ ਆਗੂਆਂ ਨੇ ਅਡਾਨੀ ਅਨਾਜ ਭੰਡਾਰ ਅਤੇ ਭਾਜਪਾ ਆਗੂ ਤਰਲੋਚਨ ਸਿੰਘ ਗਿੱਲ ਦੇ ਘਰ ਅੱਗੇ ਪੱਕੇ ਧਰਨੇ ਨੂੰ ਸੰਬੋਧਨ ਕਰਦਿਆਂ ਇਕਜੁਟਤਾ ਨਾਲ ਡਟੇ ਰਹਿਣ ਲਈ ਅਪੀਲ ਕੀਤੀ।
ਬੁਢਲਾਡਾ (ਐੱਨ.ਪੀ. ਸਿੰਘ): ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਘੇਰਿਆ ਅੱਜ 21ਵਾਂ ਦਿਨ ਹੋ ਗਿਆ ਹੈ। ਅੱਜ ਦੇ ਕਿਸਾਨ ਇਕੱਠ ਵਿੱਚ ਨੌਜਵਾਨ ਵੱਡੀ ਗਿਣਤੀ ਸ਼ਾਮਲ ਹੋਏ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ 5 ਨਵੰਬਰ ਨੂੰ 250 ਤੋਂ ਵੱਧ ਕਿਸਾਨ ਜਥੇਬੰਦੀਆਂ ਦੇਸ਼ ਵਿੱਚ ਚੱਕਾ ਜਾਮ ਕਰਨਗੀਆਂ।
ਭਦੌੜ (ਰਾਜਿੰਦਰ ਵਰਮਾ): ਖੇਤੀ ਕਾਨੂੰਨ ਦੇ ਵਿਰੋਧ ਵਿੱਚ ਬੀਕੇਯੂ ਡਕੌਂਦਾ ਵੱਲੋਂ ਇੱਥੇ ਰਿਲਾਇੰਸ ਪੰਪ ’ਤੇ ਲਗਾਇਆ ਧਰਨਾ 21ਵੇਂ ਦਿਨ ਵੀ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ਕਿਰਤੀਆਂ ਦਾ ਏਕਾ ਹੀ ਇਸ ਸੰਘਰਸ਼ ਨੂੰ ਜਿੱਤ ਤਕ ਲਿਜਾਵੇਗਾ। ਕਿਸਾਨ ਯੂਨੀਅਨ ਨੂੰ ਰੁਪਿੰਦਰ ਜਲਾਲ ਰਾਹੀਂ ਬਰੈਂਪਟਨ ਤੋਂ ਦਸ ਹਜ਼ਾਰ ਤੇ ਆਸਟਰੇਲੀਆ ਤੋਂ ਰਵਿੰਦਰ ਸਿੰਘ ਨੇ ਪੰਜ ਹਜ਼ਾਰ ਰੁਪਏ ਭੇਜੇ।
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਟੌਲ ਪਲਾਜ਼ਿਆਂ ਅੱਗੇ ਲਗਾਇਆ ਧਰਨਾ ਅੱਜ 21ਵੇਂ ਦਿਨ ਵੀ ਜਾਰੀ ਰਿਹਾ। ਅੱਜ ਵੀ ਕਿਸਾਨਾਂ ਵੱਲੋਂ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਵਾਹਨਾਂ ਨੂੰ ਵਗੈਰ ਵਸੂਲੀ ਤੋਂ ਲੰਘਾਇਆ ਗਿਆ। ਬੀਕੇਯੂ (ਡਕੌਂਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਪੰਜਾਬ ਵਿੱਚ ਉੱਠੀ ਕਿਸਾਨ ਲਹਿਰ ਹੁਣ ਪੂਰੇ ਦੇਸ਼ ਨੂੰ ਰੁਸ਼ਨਾਉਣ ਵਾਲੇ ਪਾਸੇ ਵਧ ਰਹੀ ਹੈ।
ਇਸੇ ਤਰ੍ਹਾਂ ਬੀਕੇਯੂ (ਉਗਰਾਹਾਂ) ਵੱਲੋਂ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਰਿਲਾਇੰਸ ਪੈਟਰੋਲ ਪੰਪ ਅੱਗੇ ਲੱਗੇ ਧਰਨੇ ਨੂੰ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ ਤੇ ਹੋਰ ਆਗੂਆਂ ਨੇ ਸੰਘਰਸ਼ ਨੂੰ ਹੋਰ ਮਜ਼ਬੂਤੀ ਨਾਲ ਲੜਨ ਦਾ ਐਲਾਨ ਕੀਤਾ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਕਿਸਾਨੀ ਘੋਲ ਵਿੱਚ ਮਜ਼ਦੂਰ, ਕਿਸਾਨ ਤੇ ਨੌਜਵਾਨ ਲਗਾਤਾਰ ਵਧ ਚੜ੍ਹ ਕੇ ਸ਼ਾਮਲ ਹੋ ਰਹੇ ਹਨ। ਕਬੱਡੀ ਪ੍ਰਮੋਟਰ ਟੋਨਾ ਬਾਰੇਵਾਲਾ ਕਬੱਡੀ ਖਿਡਾਰੀਆਂ ਨਾਲ ਕਿਸਾਨ ਅੰਦੋਲਨ ਲਈ ਕਿਸਾਨ ਆਗੂਆਂ ਨੂੰ ਆਰਥਿਕ ਮਦਦ ਭੇਟ ਕਰਦਿਆਂ ਕਿਸਾਨ ਅੰਦੋਲਨ ਦੀ ਹਮਾਇਤ ਐਲਾਨ ਕੀਤਾ ਹੈ। ਸ੍ਰੀ ਬਾਰੇਵਾਲਾ ਨੇ ਕਿਹਾ ਕਿ ਹੁਣ ਖੇਡ ਮੇਲਿਆਂ ਦਾ ਨਹੀਂ ਕਿਸਾਨੀ ਬਚਾਉਣ ਲਈ ਘੋਲ ਕਰਨ ਦਾ ਸਮਾਂ ਹੈ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਰੇਲਵੇ ਸਟੇਸ਼ਨ ਅਤੇ ਪਿੰਡ ਵੜਿੰਗ ਨੇੜੇ ਮੁਕਤਸਰ-ਕੋਟਕਪੂਰਾ ਰੋਡ ’ਤੇ ਸਥਿਤ ਟੌਲ ਪਲਾਜ਼ੇ ‘ਤੇ ਧਰਨੇ ਜਾਰੀ ਹਨ। ਇਸ ਵਿਚ ਅੱਜ ਇੰਡੀਅਨ ਐਕਸ ਸਰਵਿਸ ਲੀਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਰੇਲਵੇ ਸਟੇਸ਼ਨ ’ਤੇ ਗੂੰਜਣ ਲੱਗੀਆਂ ਢਾਡੀ ਵਾਰਾਂ
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਸਥਾਨਕ ਰੇਲਵੇ ਸਟੇਸ਼ਨ ’ਤੇ ਚੱਲ ਰਿਹਾ ਰੇਲ ਰੋਕੋ ਮੋਰਚਾ ਲਗਾਤਾਰ 21ਵੇਂ ਦਿਨ ’ਚ ਪਹੁੰਚ ਗਿਆ। ਹਰ ਰੋਜ਼ ਦੀ ਤਰ੍ਹਾਂ ਬਜ਼ੁਰਗਾਂ ਤੇ ਨੌਜਵਾਨਾਂ ਸਣੇ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਵੇਰ ਵੇਲੇ ਸਟੇਜ ਦੀ ਕਾਰਵਾਈ ਢਾਡੀ ਜਥੇ ਵੱਲੋਂ ਬੀਰ ਰਸ ਵਾਰਾਂ ਨਾਲ ਸ਼ੁਰੂ ਹੋਈ। ਕਿਸਾਨ ਮੋਰਚੇ ਵਿੱਚ ਸੱਤਪਾਲ ਬੰਗਾ ਦੀ ਅਗਵਾਈ ‘ਚ ਪੀਪਲਜ਼ ਆਰਟ ਪਟਿਆਲਾ ਦੀ ਨਾਟਕ ਮੰਡਲੀ ਵੱਲੋਂ ਗੁਰਸ਼ਰਨ ਭਾਜੀ ਦਾ ਨਾਟਕ ‘ਇਹ ਜ਼ਮੀਨ ਸਾਡੀ ਹੈ’ ਖੇਡਿਆ ਗਿਆ। ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਾਨੂੰਨ ਰੱਦ ਹੋਣ ਤਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ‘ਚ ਹੋ ਰਹੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੇ ਫ਼ੈਸਲੇ ਦਾ ਡਟ ਕੇ ਸਾਥ ਦਿੱਤਾ ਜਾਵੇਗਾ।
ਦੇਗ ਵਰਤਾਉਣ ਦਾ ਫੈਸਲਾ
ਮਾਨਸਾ (ਜੋਗਿੰਦਰ ਸਿੰਘ ਮਾਨ): ਮਜ਼ਦੂਰ-ਕਿਸਾਨ ਏਕਤਾ ਦੇ ਨਾਅਰੇ ਨੂੰ ਸਮਾਜਿਕ ਏਕਤਾ ਬਣਾਉਣ ਦੇ ਸੰਕਲਪ ਵਜੋਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ 22 ਅਕਤੂਬਰ ਨੂੰ ਲੋਕ ਮਾਰੂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਨੂੰ ਪਵਿੱਤਰ ਦੇਗ ਵਰਤਾਈ ਜਾਵੇਗੀ। ਇਹ ਦੇਗ ਅੰਮ੍ਰਿਤਸਰ ਸਾਹਿਬ ਵਿਚ 12 ਅਕਤੂਬਰ 1920 ਦੇ ਇਤਿਹਾਸਕ ਦਲਿਤ ਸਿੱਖਾਂ ਦੇ ਮੁੜ ਦਾਖ਼ਲੇ ਸਬੰਧੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਕੀਤੀ ਜਾਵੇਗੀ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਅੱਜ ਵੀ ਗੁਰੂ ਘਰਾਂ ਵਿੱਚ ਦਲਿਤ ਸਿੱਖਾਂ ਵੱਲੋਂ ਕਿਸਾਨਾਂ ਨੂੰ ਦੇਗ ਪ੍ਰਸ਼ਾਦ ਵਤਰਆ ਕੇ ਸਕੰਲਪ ਲਿਆ ਜਾਵੇਗਾ ਕਿ ਕਿਸਾਨ-ਮਜ਼ਦੂਰ ਏਕਤਾ ਸਮਾਜਿਕ ਏਕਤਾ ਬਣਾਈ ਜਾਵੇ, ਨਾ ਕਿ ਸਿਰਫ਼ ਸੰਘਰਸ਼ਾਂ ਤੱਕ ਹੀ ਸੀਮਿਤ ਰੱਖਿਆ ਜਾਵੇ।