ਪੱਤਰ ਪ੍ਰੇਰਕ
ਮਾਨਸਾ, 28 ਅਕਤੂਬਰ
ਪਰਲ ਕੰਪਨੀ ਤੋਂ ਪੀੜਤ ਨਿਵੇਸ਼ਕਾਂ ਨੇ ਅੱਜ ਇਕੱਠੇ ਹੋ ਕੇ ਮਾਨਸਾ ਵਿੱਚ ਨਿਰਮਲ ਸਿੰਘ ਭੰਗੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੇ ਪੁਤਲਿਆਂ ਨੂੰ ਫੂਕਿਆ ਗਿਆ। ਇਹ ਪੁਤਲੇ ਇਨਸਾਫ਼ ਦੀ ਆਵਾਜ਼ ਪੰਜਾਬ ਦੀ ਅਗਵਾਈ ਹੇਠ ਫੂਕੇ ਗਏ ਅਤੇ ਬਾਅਦ ਵਿੱਚ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਪੰਜਾਬ ਦੇ 25 ਲੱਖ ਲੋਕਾਂ ਦੇ 10 ਹਜ਼ਾਰ ਕਰੋੜ ਰੁਪਏ ਵਿਆਜ ਸਮੇਤ ਪਰਲਜ਼ ਕੰਪਨੀ ਤੋਂ ਵਾਪਸ ਕਰਵਾਏ ਜਾਣ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨਸਾਫ਼ ਦੀ ਆਵਾਜ਼ ਦੇ ਆਗੂ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ 1983 ਤੋਂ 2014 ਤੱਕ ਨਿਰਮਲ ਸਿੰਘ ਭੰਗੂ ਨੇ ਪਰਲ ਕੰਪਨੀ ਕਾਂਗਰਸ ਤੇ ਅਕਾਲੀ ਦਲ ਸਰਕਾਰ ਨਾਲ ਮਿਲ ਕੇ ਪੰਜਾਬ ਵਿੱਚ ਚਲਾਈ ਅਤੇ ਲੋਕਾਂ ਤੋਂ ਲੱਖਾਂ ਰੁਪਏ ਵੱਖ-ਵੱਖ ਸਕੀਮਾਂ ਤਹਿਤ ਬਟੋਰੇ।
ਲਾਲਚ ਵਿੱਚ ਆਏ ਲੋਕਾਂ ਨੇ ਬਹੁਤ ਪੈਸਾ ਪਰਲਜ਼ ਕੰਪਨੀ ਲਈ ਲਾਇਆ ਤੇ ਬਾਅਦ ਵਿੱਚ ਇਸ ਪੈਸੇ ਨੂੰ ਕੰਪਨੀ ਵੱਲੋਂ ਚੂਨਾ ਲਾ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੀ ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ ਨੇ ਪਰਲ ਕੰਪਨੀ ਨੂੰ 2002 ਤੋਂ 2007 ਤੱਕ 582 ਕਰੋੜ ਰੁਪਏ ਦੇ ਮੈਗਾ ਪ੍ਰਾਜੈਕਟ ਦੇ ਕੇ ਪਰਮੋਟ ਕੀਤਾ ਸੀ ਤੇ ਬਾਅਦ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸੁਖਬੀਰ ਸਿੰਘ ਬਾਦਲ ਨੇ ਲਗਾਤਾਰ 4 ਸਾਲ ਪਰਲਜ਼ ਵਿਸ਼ਵ ਕਬੱਡੀ ਕੱਪ ਕਰਵਾ ਕੇ ਪਰਲ ਕੰਪਨੀ ਨੂੰ ਪਰਮੋਟ ਕੀਤਾ ਅਤੇ ਲੋਕਾਂ ਨੂੰ ਪਰਲ ਕੰਪਨੀ ਵਿੱਚ ਬੁਰੀ ਤਰ੍ਹਾਂ ਫਸਾਇਆ।
ਉਨ੍ਹਾਂ ਕਿਹਾ ਕਿ ਅੱਜ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂ ਪਰਲ ਕੰਪਨੀ ਤੋਂ ਪੈਸੇ ਵਿਆਜ਼ ਸਮੇਤ ਵਾਪਸ ਕਰਵਾਉਣ ਲਈ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਬਲਦੇਵ ਸਿੰਘ ਕਾਲੀਆਂ, ਵਲੈਤੀ ਰਾਮ, ਪਰਗਟ ਸਿੰਘ, ਹਰਵਿੰਦਰ ਕੁਮਾਰ ਹੈਪੀ, ਕੇਸ਼ੋ ਰਾਮ ਨੇ ਵੀ ਸੰਬੋਧਨ ਕੀਤਾ।