ਪਵਨ ਗੋਇਲ
ਭੁੱਚੋ ਮੰਡੀ, 27 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਅੱਗੇ 119 ਦਿਨਾਂ ਤੋਂ ਚੱਲ ਰਹੇ ਮੋਰਚੇ ਜਾਰੀ ਹਨ। ਇਸ ਮੌਕੇ ਵੱਡੀ ਗਿਣਤੀ ਔਰਤਾਂ ਅਤੇ ਬੱਚਿਆਂ ਨੇ ਕਿਸਾਨ ਏਕਤਾ ਜ਼ਿੰਦਾਬਾਦ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਆਗੂ ਮੋਠੂ ਸਿੰਘ, ਦਰਸ਼ਨ ਸਿੰਘ ਮਾਈਸਰਖਾਨਾ, ਅਮਨਪ੍ਰੀਤ ਕੌਰ, ਸਿਮਰਜੀਤ ਸਿੰਘ, ਅਜਮੇਰ ਸਿੰਘ, ਬਲਤੇਜ ਸਿੰਘ ਅਤੇ ਗੁਰਮੇਲ ਸਿੰਘ ਨੇ ਦਿੱਲੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਮੋਦੀ ਸਰਕਾਰ ਵੱਲੋਂ ਵਰਤੇ ਜਾ ਰਹੇ ਹੱਥਕੰਡਿਆਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਚਾਲਾਂ ਤੋਂ ਘਬਰਾਉਣਗੇ ਨਹੀਂ, ਉਹ ਆਪਣੇ ਹੱਕਾਂ ਦੀ ਪੂਰਤੀ ਤੱਕ ਸੰਘਰਸ਼ ਲੜਦੇ ਰਹਿਣਗੇ।
ਬਰਨਾਲਾ (ਪਰਸ਼ੋਤਮ ਬੱਲੀ): ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ’ਤੇ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਵਾਉਣ ਲਈ ਚੱਲ ਰਿਹਾ ਸਾਂਝਾ ਕਿਸਾਨ ਸੰਘਰਸ਼ 119ਵੇਂ ਦਿਨ ਵਿੱਚ ਦਾਖ਼ਲ ਹੋ ਗਿਆ| ਬੁਲਾਰਿਆਂ ਨੇ ਸੰਗਰਾਮਾਂ ਦੀ ਧਰਤੀ ਬਰਨਾਲਾ ਦੇ ਵਾਰਸਾਂ ਨੂੰ ਸਫ਼ਲ ਗਣਤੰਤਰ ਟਰੈਕਟਰ ਪਰੇਡ ਲਈ ਮੁੁਬਾਰਕਬਾਦ ਦਿੱਤੀ| ਇਕੱਠ ਨੇ ਮਤਾ ਪਾਸ ਕਰ ਕੇ ਕੱਲ੍ਹ ਦਿੱਲੀ ਲਾਲ ਕਿਲੇ ਉੱਪਰ ਕੇਸਰੀ ਝੰਡਾ ਝੁੁਲਾਏ ਜਾਣ ਦੀ ਘਟਨਾ ਦੀ ਨਿਖੇਧੀ ਕੀਤੀ| ਕਿਸਾਨ ਸੰਘਰਸ਼ ਵਿੱਚ ਵੜੇ ਦੀਪ ਸਿੱਧੂ ਅਤੇ ਲੱਖਾ ਸਿਧਾਣੇ ਦੇ ਰੋਲ ਨੂੰ ਸੰਘਰਸ਼ ਵਿਰੋਧੀ ਗਰਦਾਨਿਆ| ਆਜ਼ਾਦ ਰੰਗ ਮੰਚ ਬਰਨਾਲਾ (ਰਣਜੀਤ ਭੋਤਨਾ) ਦੀ ਨਾਟਕ ਟੀਮ ਵੱਲੋਂ ਸੋਮਪਾਲ ਹੀਰਾ ਦਾ ਲਿਖਿਆ ਨਾਟਕ ‘ਗੋਦੀ ਮੀਡੀਆ ਝੂਠ ਬੋਲਦਾ ਹੈ’ ਖੇਡਿਆ ਗਿਆ| ਅੱਜ ਭੁੱਖ ਹੜਤਾਲ ਜਥੇ ਵਿੱਚ ਬਲਵੰਤ ਰਾਏ ਠੀਕਰੀਵਾਲ, ਨਿਰਮਲ ਸਿੰਘ ਭੱਠਲ, ਦਲੀਪ ਸਿੰਘ ਬਰਨਾਲਾ, ਲਛਮਣ ਸਿੰਘ ਬਰਨਾਲਾ ਅਤੇ ਕਰਨੈਲ ਸਿੰਘ ਚੁੁਹਾਣਕੇਖੁੁਰਦ ਸ਼ਾਮਿਲ ਸਨ| ਸੁੁਦਰਸ਼ਨ ਗੁੱਡੂ ਨੇ ਇਨਕਲਾਬੀ ਗੀਤ ਪੇਸ਼ ਕੀਤੇ| ਬੱਚੀ ਕਿਰਤਵੀਰ ਕੌਰ ਨੇ ਜੋਸ਼ੀਲੇ ਨਾਹਰਿਆਂ ਨਾਲ ਪੰਡਾਲ ਵਿੱਚ ਨਵਾਂ ਜੋਸ਼ ਭਰਿਆ| ਇਸੇ ਤਰ੍ਹਾਂ ਬੀਕੇਯੂ ਏਕਤਾ ਡਕੌਾਦਾ ਦੀ ਅਗਵਾਈ ਹੇਠ ਚੱਲ ਰਿਲਾਇੰਸ ਮਾਲ ਅੱਗੋ ਮੋਰਚਾ 117ਵੇਂ ਦਿਨ ਲਗਤਾਤਾਰ ਜਾਰੀ ਰਿਹਾ|
ਬੁਢਲਾਡਾ (ਐਨ.ਪੀ.ਸਿੰਘ): ਕਿਸਾਨ ਜਥੇਬੰਦੀਆਂ ਵੱਲੋਂ ਇਲਾਕੇ ਦੇ 84 ਪਿੰਡਾਂ ਵਿਚ ਟਰੈਕਟਰ ਪਰੇਡ ਕੀਤੀ ਗਈ। ਕਿਸਾਨ ਜੱਥੇਬੰਦੀ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਬਲਾਕ ਪ੍ਰਧਾਨ ਸਤਪਾਲ ਸਿੰਘ ਬਰ੍ਹੇ ਦੀ ਅਗਵਾਈ ਹੇਠ ਪਿੰਡ ਅਹਿਮਦਪੁਰ ਤੋਂ 250 ਟਰੈਕਟਰਾਂ ਦਾ ਜਥਾ ਪਰੇਡ ਲਈ ਰਵਾਨਾ ਕੀਤਾ ਗਿਆ। ਪਿੰਡ ਕਿਸ਼ਨਗੜ੍ਹ ਤੋਂ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਦੀ ਅਗਵਾਈ ਹੇਠ 200 ਟਰੈਕਟਰਾਂ ਦਾ ਜਥਾ ਰਵਾਨਾ ਹੋਇਆ। ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਸੰਘਰਸ਼ ਜਾਰੀ ਰਹੇਗਾ।
ਸਿਰਸਾ (ਪ੍ਰਭੂ ਦਿਆਲ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਲਾਇਆ ਪੱਕਾ ਮੋਰਚਾ ਜਾਰੀ ਹੈ।
ਕਿਸਾਨ ਆਗੂ ਡਾ. ਸੁਖਦੇਵ ਸਿੰਘ ਜੰਮੂ ਨੇ ਦੱਸਿਆ ਹੈ ਕਿ ਕਿਸਾਨਾਂ ਦਾ ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਨਹੀਂ ਦੇ ਦਿੰਦੇ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਦਿੱਲੀ ’ਚ ਕਿਸਾਨਾਂ ਦੀ ਸ਼ਾਂਤੀਪੂਰਨ ਟਰੈਕਟਰ ਪਰੇਡ ਨੂੰ ਸਰਕਾਰ ਦੇ ਇਸ਼ਾਰੇ ’ਤੇ ਕੁਝ ਵਿਅਕਤੀਆਂ ਵੱਲੋਂ ਹਿੰਸਕ ਬਣਾਉਣ ਦੀ ਕੋਝੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਹਿੰਸਾ ਕਰਨ ਵਾਲੇ ਲੋਕ ਕਿਸਾਨ ਅੰਦੋਲਨ ਦਾ ਹਿੱਸਾ ਨਹੀਂ ਹਨ।
ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ ਨੇ ਸਿਰਸਾ ਸ਼ਹਿਰ ਵਿੱਚ ਸ਼ਾਂਤੀਪੂਰਨ ਤਰੀਕੇ ਨਾਲ ਟਰੈਕਟਰ ਪਰੇਡ ਕੀਤੀ। ਟਰੈਕਟਰ ਪਰੇਡ ਵਿੱਚ ਮਹਿਲਾਵਾਂ ਵੀ ਵੱਡੀ ਗਿਣਤੀ ’ਚ ਹਾਜ਼ਰ ਹੋਈਆਂ।
ਕਿਸਾਨਾਂ ਨੇ ਸਿਰਸਾ ਸ਼ਹਿਰ ’ਚ ਟਰੈਕਟਰ ਪਰੇਡ ਕਰ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ। ਵੱਡੀ ਗਿਣਤੀ ’ਚ ਕਿਸਾਨ ਆਪਣੇ-ਆਪਣੇ ਟਰੈਕਟਰ ਲੈ ਕੇ ਸ਼ਹੀਦ ਭਗਤ ਸਿੰਘ ਸਟੇਡੀਅਮ ਪੁੱਜੇ ਜਿੱਥੇ ਕਿਸਾਨਾਂ ਨੇ ਪਹਿਲਾਂ ਕੌਮੀ ਝੰਡਾ ਲਹਿਰਾਇਆ ਅਤੇ ਬਾਅਦ ਵਿੱਚ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਟਰੈਕਟਰ ਪਰੇਡ ਕੀਤੀ। ਸਾਰਾ ਦਿਨ ਚੱਲੀ ਇਹ ਪਰੇਡ ਸ਼ਾਂਤੀਪੂਰਨ ਰਹੀ। ਕਿਸਾਨਾਂ ਨੇ ਟਰੈਕਟਰਾਂ ’ਤੇ ਕਿਸਾਨੀ ਤੇ ਕੌਮੀ ਝੰਡਾ ਲਾਇਆ ਹੋਇਆ ਸੀ।
ਲਾਧੂਕਾ ਦੀ ਕਮਲ ਕੰਬੋਜ ਨੇ ਟਰੈਕਟਰ ਚਲਾ ਕੇ ਪਰੇਡ ਸ਼ੁਰੂ ਕੀਤੀ
ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਟਰੈਕਟਰ ਪਰੇਡ ਦੇ ਨਾਲ ਨਾਲ ਫਾਜ਼ਿਲਕਾ ਦੇ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਮੌਕੇ ਸ਼ਹਿਰ ਅੰਦਰ ਸ਼ਾਂਤਮਈ ਢੰਗ ਨਾਲ ਟਰੈਕਟਰ ਪਰੇਡ ਕੀਤੀ ਗਈ। ਇਸ 2000 ਤੋਂ ਵੱਧ ਟਰੈਕਟਰਾਂ ਨੇ ਹਿੱਸਾ ਲਿਆ। ਕਿਸਾਨ ਆਗੂ ਹਰੀਸ਼ ਨੱਢਾ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਟਰੈਕਟਰ ਪਰੇਡ ਨਾਲ ਵਪਾਰੀ, ਮਜ਼ਦੂਰ, ਦੁਕਾਨਦਾਰ, ਆੜ੍ਹਤੀ ਅਤੇ ਹੋਰ ਵਰਗਾਂ ਨੂੰ ਕਿਸਾਨਾਂ ਦੇ ਹੱਕਾਂ ‘ਚ ਆਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਪਰੇਡ ਦੀ ਸ਼ੁਰੂਆਤ ਲਾਧੂਕਾ ਦੀ ਲੜਕੀ ਕਮਲ ਕੰਬੋਜ ਵੱਲੋਂ ਟਰੈਕਟਰ ਚਲਾ ਕੇ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਕਿਸਾਨੀ ਖ਼ਤਮ ਹੋ ਗਈ ਤਾਂ ਦੇਸ਼ ਦਾ ਸਾਰਾ ਕਾਰੋਬਾਰ ਹੀ ਖ਼ਤਮ ਹੋ ਜਾਵੇਗਾ।