ਸੁੰਦਰ ਨਾਥ ਆਰੀਆ
ਅਬੋਹਰ, 10 ਦਸੰਬਰ
ਵਿਧਾਨ ਸਭਾ ਖੇਤਰ ਬੱਲੂਆਣਾ ਅਧੀਨ ਆਉਂਦੇ ਪਿੰਡ ਧਰਮਪੁਰਾ ਵਿੱਚ ਬਿਨਾ ਗਲੀ ਦੀ ਉਸਾਰੀ ਕੀਤੇ ਲੱਖਾਂ ਰੁਪਏ ਦੇ ਬਿਲਾਂ ਦੀ ਅਦਾਇਗੀ ਕਰਨ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਮੁਤਾਬਕ ਮਾਮਲਾ ਸਾਹਮਣੇ ਆਉੁਣ ਤੋਂ ਬਾਅਦ ਤੁਰਤ-ਫੁਰਤ ਘਟੀਆ ਸਾਮਾਨ ਨਾਲ ਗਲੀ ਬਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੋਂ ਬੀਡੀਪੀਓ ਖੂਈਆਂ ਸਰਵਰ ਦਫਤਰ ਦੇ ਅਧਿਕਾਰੀਆਂ ਸਣੇ ਲੱਖਾਂ ਰੁਪਏ ਦਾ ਭ੍ਰਿਸ਼ਟਾਚਾਰ ਕਰਨ ’ਚ ਸ਼ਾਮਲ ਲੋਕਾਂ ਦੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਬਲਰਾਮ (70) ਵਾਸੀ ਪਿੰਡ ਧਰਮਪੁਰਾ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਪ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਨੇ ਹੰਸਰਾਜ ਦੇ ਘਰ ਤੋਂ ਲੈ ਕੇ ਗੁਰਜੰਟ ਸਿੰਘ ਦੇ ਘਰ ਤੱਕ ਬਣਾਈ ਸੜਕ ਸਬੰਧੀ ਆਰ.ਟੀ.ਆਈ. ਰਾਹੀਂ ਜਾਣਕਾਰੀ ਲਈ ਤਾਂ ਪਤਾ ਲੱਗਿਆ ਕਿ ਬੀਡੀਪੀਓ ਖੂਈਆਂ ਸਰਵਰ ਵਿੱਚ ਤਾਇਨਾਤ ਪੰਚਾਇਤ ਸਕੱਤਰ ਸੁਖਵਿੰਦਰ ਸਿੰਘ ਨੇ ਬੀਡੀਪੀਓ ਅਤੇ ਹੋਰਨਾਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੰਸਰਾਜ ਦੇ ਘਰ ਤੋਂ ਲੈ ਕੇ ਗੁਰਜੰਟ ਸਿੰਘ ਦੇ ਘਰ ਤੱਕ ਗਲੀ ਬਨਾਉਣ ਲਈ ਕਰੀਬ 3.50 ਲੱਖ ਦੇ ਕਰੀਬ ਜਾਅਲੀ ਬਿਲ ਬਣਾ ਕੇ ਸਰਕਾਰ ਨੂੰ ਚੂਨਾ ਲਗਾਇਆ ਹੈ, ਜਦਕਿ ਸੜਕ ਬਣਾਈ ਹੀ ਨਹੀਂ ਗਈ। ਆਰਟੀਆਈ ਰਾਹੀਂ ਮਿਲੀ ਜਾਣਕਾਰੀ ਮੁਤਾਬਕ ਇਹ ਰਾਸ਼ੀ 8 ਮਾਰਚ 2020 ਨੂੰ ਕੱਢੀ ਗਈ ਸੀ। ਨਿਯਮਾਂ ਮੁਤਾਬਕ ਉੱਚ ਅਧਿਕਾਰੀਆਂ ਅਤੇ ਪੰਚਾਇਤ ਦੇ ਮੁਆਇਨੇ, ਉਸਾਰੀ ਕੰਮ ਅਤੇ ਉਸਦੀ ਕੁਆਲਟੀ ਦੀ ਜਾਂਚ ਕਰਨ ਤੋਂ ਬਾਅਦ ਠੇਕੇਦਾਰ ਨੂੰ ਅਦਾਇਗੀ ਕੀਤੀ ਜਾਂਦੀ ਹੈ। ਆਪ ਦੇ ਜ਼ਿਲ੍ਹਾ ਪ੍ਰਧਾਨ ਦੀਪ ਕੰਬੋਜ ਨੇ ਦੱਸਿਆ ਕਿ ਬੱਲੂਆਣਾ ਵਿਧਾਨ ਸਭਾ ਵਿੱਚ 70 ਪਿੰਡ ਆਉਂਦੇ ਹਨ ਅਤੇ ਕਈ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਕੀ ਕਹਿੰਦੇ ਨੇ ਡੀਸੀ ਬਬੀਤਾ ਕਲੇਰ
ਇਸ ਸਬੰਧ ਵਿੱਚ ਜਦੋਂ ਡੀਸੀ ਬਬੀਤਾ ਕਲੇਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਅਧਿਕਾਰੀਆਂ ’ਤੇ ਪਰਦਾ ਪਾਉਂਦਿਆਂ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ ਜੇਕਰ ਸੜਕ ਪਹਿਲਾਂ ਨਹੀਂ ਬਣੀ ਤਾਂ ਹੁਣ ਉਸ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਪੰਚਾਇਤ ਸਕੱਤਰ ਹਰਮੀਤ ਸਿੰਘ ਨੂੰ ਸੜਕ ਬਣਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਦ ਉਨ੍ਹਾਂ ਤੋਂ ਬਿਨਾਂ ਸੜਕ ਬਣਾਏ ਸਕੱਤਰ ਸੁਖਵਿੰਦਰ ਸਿੰਘ ਵੱਲੋਂ ਲੱਖਾਂ ਰੁਪਏ ਖੁਰਦ-ਬੁਰਦ ਕਰਨ ਸਬੰਧ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸੜਕ ’ਤੇ ਜੋ ਵੀ ਉਸਾਰੀ ਲਈ ਸਾਮਾਨ ਲੱਗਣਾ ਹੈ ਦੁਕਾਨਦਾਰ ਨੂੰ ਐਡਵਾਂਸ ਦੇ ਦਿੱਤਾ ਸੀ, ਦੁਕਾਨਦਾਰ ਨੂੰ ਸਾਮਾਨ ਦਾ ਆਰਡਰ ਕਰ ਦਿੱਤਾ ਹੈ। ਕਈ ਵਾਰ ਸਕੱਤਰ ਪਹਿਲਾਂ ਹੀ ਰੁਪਏ ਕੱਢਵਾ ਲੈਂਦਾ ਹੈ।