ਪੱਤਰ ਪ੍ਰੇਰਕ
ਗਿੱਦੜਬਾਹਾ, 1 ਸਤੰਬਰ
ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਅੱਜ ਗਿੱਦੜਬਾਹਾ ਤਹਿਸੀਲ ਵਿੱਚ ਇਕ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਟੀਮ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਪੁੱਤਰ ਭੀਮ ਸੈਨ ਵਾਸੀ ਪਿੰਡ ਭਲਾਈਆਣਾ ਦੀ ਸ਼ਿਕਾਇਤ ਦੇ ਪਟਵਾਰੀ ਗੁਰਦਾਸ ਸਿੰਘ ਨੂੰ 4 ਹਾਜ਼ਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਗੁਰਦੀਪ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਪਟਵਾਰੀ ਗੁਰਦਾਸ ਸਿੰਘ ਵੱਲੋਂ ਉਨ੍ਹਾਂ ਦੀ ਜ਼ਮੀਨ ਦੇ ਨਕਸ਼ੇ ਦਾ ‘ੳ’ ਬਣਵਾਉਣ ਦੇ ਇਵਜ਼ ਵਿੱਚ 5 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਅਤੇ ਉਸ ਵੱਲੋਂ 4 ਹਜ਼ਾਰ ਰੁਪਏ ਵਿੱਚ ‘ਡੀਲ’ ਤੈਅ ਹੋਈ ਸੀ। ਅੱਜ ਸ਼ਿਕਾਇਤਕਰਤਾ ਗੁਰਦੀਪ ਸਿੰਘ ਇਸ ਪਟਵਾਰੀ ਗੁਰਦਾਸ ਸਿੰਘ ਨੂੰ ਉਸ ਦੇ ਤਹਿਸੀਲ ਗਿੱਦੜਬਾਹਾ ਵਿੱਚ ਸਥਿਤ ਦਫ਼ਤਰ ਰਿਸ਼ਵਤ ਦੇ 4 ਹਜ਼ਾਰ ਰੁਪਏ ਦੇਣ ਗਿਆ ਜਿਸ ’ਤੇ ਉਨ੍ਹਾਂ ਪਟਵਾਰੀ ਗੁਰਦਾਸ ਸਿੰਘ ਨੂੰ 4 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਪਟਵਾਰੀ ਗੁਰਦਾਸ ਸਿੰਘ ਸੇਵਾਮੁਕਤ ਹੋਣ ਮਗਰੋਂ ਮਾਲ ਵਿਭਾਗ ’ਚ ਆਊਟ ਸੋਰਸ ’ਤੇ ਕੰਮ ਰਿਹਾ ਸੀ। ਉਨ੍ਹਾਂ ਦੱਸਿਆ ਕਿ ਰਿਸ਼ਵਤ ਮਾਮਲੇ ’ਚ ਕਾਬੂ ਕੀਤੇ ਪਟਵਾਰੀ ਗੁਰਦਾਸ ਸਿੰਘ ਵਿਰੁੱਧ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਵਿਜੀਲੈਂਸ ਟੀਮ ਵਿੱਚ ਇੰਸਪੈਕਟਰ ਅਮਨਦੀਪ ਸਿੰਘ ਤੋਂ ਇਲਾਵਾ ਏ.ਐੱਸ.ਆਈ. ਮੁਖਤਿਆਰ ਸਿੰਘ ਤੇ ਐੱਚ.ਸੀ. ਜਗਦੀਪ ਸਿੰਘ ਅਤੇ ਗਵਾਹ ਵਜੋਂ ਪ੍ਰਿੰਸਿਪਲ ਅਸ਼ਵਨੀ ਕੁਮਾਰ ਤੇ ਐੱਸ.ਡੀ.ਓ. ਗੁਰਵੰਤ ਅਰੋੜਾ ਸ਼ਾਮਲ ਸਨ।