ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਜੁਲਾਈ
ਮਾਲ ਵਿਭਾਗ ’ਚ ਪੈਰ ਪਸਾਰੀ ਬੈਠੀ ‘ਵੱਢੀ’ ਖ਼ਿਲਾਫ਼ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਰਜਿਸਟਰੀਆਂ ਕਰਨ ਸਮੇਂ ਰਿਸ਼ਵਤਖੋਰੀ ਰੋਕਣ ਲਈ ਡਟਣ ਤੋਂ ਮਾਹੌਲ ਤਣਾਅਪੂਰਨ ਹੋ ਗਿਆ। ਸਿਟੀ ਪੁਲੀਸ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਮੌਕੇ ਉੱਤੇ ਪੁੱਜੀ।
ਜ਼ਿਲ੍ਹਾ ਮਾਲ ਅਫ਼ਸਰ ਗੁਰਦੇਵ ਸਿੰਘ ਧੰਮ ਜੋ ਮਾਲ ਅਧਿਕਾਰੀਆਂ ਦੀ ਜਥੇਬੰਦੀ ਦੇ ਸੂਬਾਈ ਪ੍ਰਧਾਨ ਵੀ ਹਨ, ਨਾਲ ਜ਼ਿਲ੍ਹੇ ਭਰ ਦੇ ਤਹਿਸੀਲਦਾਰਾਂ ਮੋਗਾ, ਬਾਘਾਪੁਰਾਣਾ, ਧਰਮਕੋਟ, ਨਿਹਾਲ ਸਿੰਘ ਵਾਲਾ ਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਬਾਘਾਪੁਰਾਣਾ ਤਹਿਸੀਲਦਾਰ ਗੁਰਮੀਤ ਸਿੰਘ, ਮੋਗਾ ਤਹਿਸੀਲਦਾਰ ਕਰਨ ਗੁਪਤਾ, ਨਿਹਾਲ ਸਿੰਘ ਵਾਲਾ ਨਾਇਬ ਤਹਿਸੀਲਦਾਰ ਦੀਪਕ ਸ਼ਰਮਾ ਅਤੇ ਧਰਮਕੋਟ ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਮੌਜੂਦ ਸਨ। ਅਧਿਕਾਰੀਆਂ ਨੇ ਕਿਹਾ ਕਿ ਲੋਕਤੰਤਰ ਵਿੱਚ ਰੋਸ ਪ੍ਰਗਟਾਉਣਾ ਸਭ ਦਾ ਹੱਕ ਹੈ ਪਰ ਉਨ੍ਹਾਂ ਦੇ ਦਫਤਰ ਅੱਗੇ ਜਾਂ ਨੇੜੇ ਬੈਠਣਾ ਗੈਰਕਾਨੂੰਨੀ ਹੈ। ਮੀਟਿੰਗ ਮਗਰੋਂ ਪੁਲੀਸ ਨੇ ਦਫ਼ਤਰ ਬਾਹਰ ਰਿਸ਼ਵਤਖੋਰੀ ਖ਼ਿਲਾਫ਼ ਡਟੇ ਸੇਵਾਮੁਕਤ ਕਾਨੂੰਨਗੋਆਂ ਤੇ ਪਟਵਾਰੀਆਂ ਦਾ ਧਰਨਾ ਤਹਿਸੀਲ ਦਫ਼ਤਰ ਤੋਂ ਦੂਰ ਕਰਵਾ ਦਿੱਤਾ। ਰਜਿਸਟਰੀਆਂ ਦਾ ਕੰਮ ਸ਼ਾਮ 4 ਵਜੇ ਸ਼ੁਰੂ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਦੌਰਾਨ ਕਈ ਬਜ਼ੁਰਗ ਤੇ ਹੋਰ ਲੋਕ ਪੂਰਾ ਦਿਨ ਖੁਆਰ ਹੋਏ। ਇਸ ਮੌਕੇ ਸੇਵਾ ਮੁਕਤ ਕਾਨੂੰਗੋ ਦਰਸ਼ਨ ਸਿੰਘ ਗਿੱਲ ਤੇ ਹੋਰਾਂ ਨੇ ਦਾਅਵਾ ਹੈ ਕਿ ਰਿਸ਼ਵਤਖੋਰੀ ਵਿਭਾਗ ’ਚ ਪੈਰ ਪਸਾਰੀ ਬੈਠੀ ਹੈ। ਉਨ੍ਹਾਂ ਲੋਕਾਂ ਨੂੰ ਰਿਸ਼ਵਤਖੋਰੀ ਬੰਦ ਕਰਵਾਉਣ ਦਾ ਸੱਦਾ ਦਿੰਦਿਆਂ ਸਾਥ ਦੇਣ ਦੀ ਅਪੀਲ ਕੀਤੀ।