ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 8 ਫਰਵਰੀ
ਵਿਧਾਨ ਸਭਾ ਹਲਕਾ ਮਲੋਟ ਤੋਂ ਆਮ ਆਦਮੀ ਉਮੀਦਵਾਰ ਡਾ. ਬਲਜੀਤ ਕੌਰ ਜੋ ਅੱਖਾਂ ਦੇ ਮਾਹਿਰ ਡਾਕਟਰ ਹਨ, ਚੋਣ ਪ੍ਰਚਾਰ ਦੇ ਨਾਲ-ਨਾਲ ਆਪਣੇ ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖਣ ਵੀ ਕਰਦੇ ਹਨ। ਚੋਣ ਪ੍ਰਚਾਰ ਤੋਂ ਪਹਿਲਾਂ ਉਹ ਹਾਜ਼ਰ ਵੋਟਰਾਂ ਪਾਸੋਂ ਉਨ੍ਹਾਂ ਦੀਆਂ ਅੱਖਾਂ ਦਾ ਹਾਲ-ਚਾਲ ਪੁੱਛਦੇ ਹਨ। ਜੇਕਰ ਕੋਈ ਵਿਅਕਤੀ ਆਪਣੀਆਂ ਅੱਖਾਂ ਦੀ ਕੋਈ ਤਕਲੀਫ ਦੱਸਦਾ ਹੈ ਤਾਂ ਡਾਕਟਰ ਬਲਜੀਤ ਕੌਰ ਤੁਰੰਤ ਉਸਦੀਆਂ ਅੱਖਾਂ ਦਾ ਨਿਰੀਖਣ ਕਰਕੇ ਲੋੜੀਂਦੀ ਸਲਾਹ ਤੇ ਦਵਾਈ ਲਿਖ ਦਿੰਦੇ ਹਨ। ਮਰੀਜ਼ਾਂ ਦੀਆਂ ਅੱਖਾਂ ਦੇ ਨਿਰੀਖਣ ਤੋਂ ਬਾਅਦ ਉਹ ਆਪਣਾ ਪ੍ਰਚਾਰ ਸ਼ੁਰੂ ਕਰਦੇ ਹਨ।
ਦੱਸਣਯੋਗ ਹੈ ਕਿ ਡਾ. ਬਲਜੀਤ ਕੌਰ ਮੁਕਤਸਰ ਦੇ ਸਿਵਲ ਹਸਪਤਾਲ ’ਚ ਅੱਖਾਂ ਦੇ ਮਾਹਿਰ ਡਾਕਟਰ ਸਨ ਤੇ ਹਰ ਰੋਜ਼ ਸੈਂਕੜੇ ਮਰੀਜ਼ਾਂ ਦਾ ਨਿਰੀਖਣ ਕਰਦੇ ਸਨ। ਉਹ ਆਪਣੇ ਆਹੁਦੇ ਤੋਂ ਅਸਤੀਫਾ ਦੇ ਕੇ ਸਿਆਸਤ ਵਿੱਚ ਆਏ ਹਨ। ਉਹ ‘ਆਪ’ ਦੇ ਫਰੀਦਕੋਟ ਤੋਂ ਸਾਬਕਾ ਸੰਸਦ ਮੈਂਬਰ ਸਾਧੂ ਸਿੰਘ ਦੀ ਧੀ ਹੈ। ਇਸ ਦੌਰਾਨ ‘ਆਪ’ ਦੇ ਸਟੇਟ ਜੁਆਇੰਟ ਸੈਕਟਰੀ ਵਰਿੰਦਰ ਢੋਸੀਵਾਲ ਨੇ ਦੱਸਿਆ ਕਿ ਪਿੰਡ ਚੱਕ ਦੂਹੇਵਾਲਾ ਵਿੱਚ ਸੀਨੀਅਰ ਅਕਾਲੀ ਆਗੂ ਜਬਰਜੰਗ ਸਿੰਘ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।