ਲਖਵੀਰ ਸਿੰਘ ਚੀਮਾ
ਟੱਲੇਵਾਲ, 23 ਨਵੰਬਰ
ਖੇਤੀ ਅਤੇ ਕਿਸਾਨੀ ਨੂੰ ਜਿੱਥੇ ਰੋਜ਼ਾਨਾ ਸਰਕਾਰੀ ਅਤੇ ਕੁਦਰਤੀ ਆਫ਼ਤਾਂ ਨੇ ਘੇਰਾ ਪਾਇਆ ਹੋਇਆ ਹੈ। ਉਥੇ ਹੀ ਆਵਾਰਾ ਪਸ਼ੂਆਂ ਦੀ ਸਮੱਸਿਆ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ। ਠੰਢ ਦੀ ਰੁੱਤ ਸ਼ੁੁਰੂ ਹੋ ਚੁੱਕੀ ਹੈ ਅਤੇ ਧੁੰਦ ਦਾ ਮੌਸਮ ਵੀ ਆ ਰਿਹਾ ਹੈ, ਪਰ ਆਵਾਰਾ ਪਸ਼ੂ ਕਿਸਾਨਾਂ ਦੇ ਨਾਲ ਨਾਲ ਸੜਕਾਂ ’ਤੇ ਜਾਣ ਵਾਲੇ ਰਾਹੀਗੀਰਾਂ ਲਈ ਵੀ ਮੁਸੀਬਤਾਂ ਖੜ੍ਹੀਆਂ ਕਰ ਰਹੇ ਹਨ। ਪਿੰਡ ਚੀਮਾ ਦੇ ਕਿਸਾਨ ਹਰਬੰਸ ਸਿੰਘ ਹਰੀ ਅਤੇ ਗੁਰਮੀਤ ਸਿੰਘ ਨੰਬਰਦਾਰ ਨੇ ਕਿਹਾ ਕਿ ਬਰਨਾਲਾ ਤੋਂ ਮੋਗਾ ਮੁੱਖ ਮਾਰਗ ’ਤੇ ਆਵਾਰਾ ਪਸ਼ੂਆਂ ਦੇ ਝੁੰਡ ਕਿਸਾਨਾਂ ਦੇ ਨਾਲ ਨਾਲ ਰਾਹਗੀਰਾਂ ਲਈ ਪ੍ਰੇਸ਼ਾਨੀ ਬਣ ਰਹੇ ਹਨ। ਇਨ੍ਹਾਂ ਆਵਾਰਾ ਪਸ਼ੂਆਂ ਕਰਕੇ ਕਿਸਾਨਾਂ ਨੂੰ ਹਰ ਵਰ੍ਹੇ ਫ਼ਸਲਾਂ ਦੀ ਰਾਖ਼ੀ ਲਈ ਕੰਡਿਆਲੀਆਂ ਤਾਰਾਂ ’ਤੇ ਖਰਚੇ ਕਰਨੇ ਪੈਂਦੇ ਹਨ। ਉਧਰ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਦੁੱਗਲ ਨੇ ਕਿਹਾ ਕਿ ਹਰ ਸਰਕਾਰ ਖੁਦ ਨੂੰ ਕਿਸਾਨ ਹਿਤੈਸ਼ੀ ਅਖਵਾਉਂਦੀ ਹੈ, ਪਰ ਹੱਲ ਇਨ੍ਹਾਂ ਸਰਕਾਰਾਂ ਤੋਂ ਪਸ਼ੂਆਂ ਦੇ ਵੀ ਮਸਲੇ ਹੱਲ ਨਹੀਂ ਹੋਏ। ਮੰਗ ਕਰਦਿਆਂ ਉਨ੍ਹਾਂ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਛੱਡਿਆ ਜਾਣਾ ਚਾਹੀਦਾ ਹੈ ਤਾਂ ਜੋ ਰਾਹਗੀਰਾਂ ਨੂੰ ਦਿੱਕਤਾਂ ਨਾ ਆਉਣ।