ਜੋਗਿੰਦਰ ਸਿੰਘ ਮਾਨ
ਮਾਨਸਾ, 12 ਅਗਸਤ
ਮਾਲਵਾ ਖੇਤਰ ਵਿਚ ਵਰਨ ਲੱਗੇ ਮੀਂਹਾਂ ਕਾਰਨ ਮੁੱਖ ਮਾਰਗਾਂ ਕਿਨਾਰੇ ਖੜ੍ਹੀਆਂ ਪਹਾੜੀ ਕਿੱਕਰਾਂ ਸੜਕੀ ਆਵਾਜਾਈ ਲਈ ਵੱਡਾ ਵਿਘਨ ਬਣਨ ਲੱਗੀਆਂ ਹਨ। ਮੀਂਹਾਂ ਤੋਂ ਪਿੱਛੋਂ ਫੈਲ ਕੇ ਇਹ ਸੜਕਾਂ ਦੇ ਬਰਮਾਂ ਤੋਂ ਅੱਗੇ ਲੰਘ ਗਈਆਂ ਹਨ, ਜਿਸ ਕਾਰਨ ਦੋ ਪਹੀਆ ਰਾਹਗੀਰਾਂ ਦਾ ਸਫ਼ਰ ਖ਼ਤਰੇ ਵਿਚ ਪੈਣ ਲੱਗਿਆ ਹੈ। ਮਾਨਸਾ ਤੋਂ ਸਰਦੂਲਗੜ੍ਹ, ਬਰਨਾਲਾ, ਸੁਨਾਮ, ਬਠਿੰਡਾ, ਤਲਵੰਡੀ ਸਾਬੋ, ਬੁਢਲਾਡਾ ਨੂੰ ਜਾਂਦੀਆਂ ਸੜਕਾਂ ਨੂੰ ਵੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਇਸ ਜ਼ਿਲ੍ਹੇ ਵਿਚਲੇ ਵੱਖ-ਵੱਖ ਮਾਰਗਾਂ ’ਤੇ ਪਹਾੜੀ ਕਿੱਕਰਾਂ ਅਤੇ ਹੋਰਨਾਂ ਦਰੱਖਤਾਂ ਦਾ ਝੁਕਾਅ ਸੜਕਾਂ ਦੇ ਘੇਰੇ ਨੂੰ ਘਟਾ ਰਿਹਾ ਹੈ, ਜਿਸ ਕਾਰਨ ਪਹਿਲਾਂ ਤੋਂ ਹੀ ਤੰਗ ਸੜਕਾਂ ਹੋਰ ਭੀੜੀਆਂ ਹੋ ਗਈਆਂ ਹਨ। ਮਾਨਸਾ ਪੁਲੀਸ ਦੇ ਉਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੜਕਾਂ ਕਿਨਾਰੇ ਖੜ੍ਹੀਆਂ ਇਹ ਕਿੱਕਰਾਂ ਦੁਰਘਟਨਾਵਾਂ ਦਾ ਇੱਕ ਕਾਰਨ ਬਣਨ ਲੱਗੀਆਂ ਹਨ। ਐਸੋਸੀਏਸ਼ਨ ਫਾਰ ਸੀਨੀਅਰ ਸਿਟੀਜ਼ਨ ਰਾਈਟਸ ਦੇ ਪ੍ਰਧਾਨ ਗੁਰਤੇਜ਼ ਸਿੰਘ ਜਗਰੀ ਨੇ ਕਿਹਾ ਕਿ ਸੜਕਾਂ ਦੁਆਲੇ ਦਰੱਖਤਾਂ ਦੇ ਫੈਲਣ ਕਾਰਨ ਵਾਪਰ ਰਹੀਆਂ ਦੁਰਘਟਨਾਵਾਂ ਦੇ ਬਾਵਜੂਦ ਜੰਗਲਾਤ ਵਿਭਾਗ ਕਦੇ ਵੀ ਗੰਭੀਰ ਨਹੀਂ ਹੋਇਆ।
ਜੰਗਲਾਤ ਵਿਭਾਗ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ: ਡੀਸੀ
ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਕਿਹਾ ਕਿ ਇਸ ਮਾਮਲੇ ਦੀ ਜਲਦੀ ਸਮੀਖਿਆ ਕਰਨਗੇ ਅਤੇ ਇਸ ਸਬੰਧੀ ਜੰਗਲਾਤ ਵਿਭਾਗ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ ਤਾਂ ਕਿ ਇਨ੍ਹਾਂ ਦਰੱਖਤਾਂ ਕਾਰਨ ਸੜਕਾਂ ’ਤੇ ਚੱਲਣ ਵਾਲੇ ਵਾਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਪੇਸ਼ ਆਵੇ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਦੁਰਘਟਨਾ ਹੋ ਸਕੇ।