ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ
ਮੁਕਤਸਰ ਦੇ ਡੀਸੀ ਦਫ਼ਤਰ ਨੇੜਿਓਂ ਲੰਘਦੇ ਕੋਟਕਪੂਰਾ-ਬਠਿੰਡਾ-ਮਲੋਟ ਮਾਰਗ ’ਤੇ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਮੀਨਾਰ-ਏ-ਮੁਕਤਾ ਲਾਗੇ ਪਏ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਹ ਟੋਏ ਇੰਨੇ ਵੱਡ ਹਨ ਕਿ ਕਿਸ ਦੀ ਵੀ ਜਾਨ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੋਟਲ ਚਾਵਲਾ ਚਿਕਨ ਲਾਗੇ ਇਕ ਖੱਡੇ ਵਿੱਚ ਮੋਟਰਸਾਈਕਲ ਡਿੱਗਣ ਕਾਰਨ ਪਿੱਛੇ ਬੈਠੀ ਔਰਤ ਸੜਕ ਉਪਰ ਡਿੱਗ ਗਈ ਤੇ ਉਪਰੋਂ ਟਰੱਕ ਲੰਘਣ ਕਾਰਨ ਉਸ ਦੀ ਮੌਤ ਹੋ ਗਈ ਸੀ। ਹੁਣ ਵੀ ਇਹ ਖੱਡੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ| ਇਹ ਟੋਏ ਕਰੀਬ ਫੁੱਟ-ਫੁੱਟ ਡੂੰਘੇ ਅਤੇ 10-10 ਫੁੱਟ ਲੰਬੇ ਹਨ| ਦੋ ਪਹੀਆ ਵਾਹਨ ਚਾਲਕਾਂ ਲਈ ਖਤਰਾ ਵਧੇਰੇ ਹੈ| ਟੋਇਆਂ ਕਾਰਨ ਬੱਸਾਂ ਤੇ ਕਾਰਾਂ ਤੇਜ਼ ਕੱਟ ਮਾਰਦੀਆਂ ਹਨ| ਲੋਕਾਂ ਦੀ ਮੰਗ ਹੈ ਕਿ ਜਲਦੀ ਟੋਇਆਂ ਨੂੰ ਭਰਿਆ ਜਾਵੇ| ਇਸ ਦੌਰਾਨ ਮੰਡੀ ਬੋਰਡ ਦੇ ਕਾਰਜਕਾਰੀ ਇੰਜਨੀਅਰ ਪਰਮਜੀਤ ਸਿੰਘ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਉਹ ਜਲਦੀ ਹੀ ਇਸ ਸਬੰਧੀ ਕਾਰਵਾਈ ਕਰਨਗੇ|