ਲਖਵਿੰਦਰ ਸਿੰਘ ਬਰਾੜ
ਮਲੋਟ, 12 ਜੂਨ
ਇਥੇ ਕੈਬਨਿਟ ਮੰਤਰੀ ਪ੍ਰਤਾਪ ਸਿੰਘ ਬਾਜਵਾ ਦੇ ਪੋਸਟਰਾਂ ਨੇ ਸਿਆਸੀ ਸਫਾਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਪਿਛਲੇ ਦਿਨੀਂ ਮਲੋਟ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸੀ ਆਗੂਆਂ ਵੱਲੋਂ ਇਕਮੁੱਠਤਾ ਦੀ ਬਜਾਏ ਕੀਤਾ ਗਿਆ ਵੱਖ-ਵੱਖ ਰੋਸ ਪ੍ਰਦਰਸ਼ਨ ਅਤੇ ਹੁਣ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦਾਣਾ ਮੰਡੀ ਦੇ ਗੇਟ ਅਤੇ ਕੈਰੋਂ ਰੋਡ ’ਤੇ ਲੱਗੇ ਪ੍ਰਤਾਪ ਸਿੰਘ ਬਾਜਵਾ ਦੇ ਪੋਸਟਰਾਂ ਤੋਂ ਇਲਾਵਾ ਪਿਛਲੇ ਦਿਨੀਂ ਵਾਇਰਲ ਹੋਈਆਂ ਆਡੀਓ ਆਦਿ ਨੇ ਕਾਂਗਰਸ ਵਿੱਚ ਹੇਠਲੇ ਪੱਧਰ ’ਤੇ ਚੱਲ ਰਹੀ ਖਾਨਾਜੰਗੀ ਨੂੰ ਉਜਾਗਰ ਕੀਤਾ ਹੈ।
ਇਨ੍ਹਾਂ ਪੋਸਟਰਾਂ ਵਿੱਚ ਪ੍ਰਤਾਪ ਬਾਜਵਾ ਅਤੇ ਰਾਹੁਲ ਗਾਂਧੀ ਦੀ ਵੱਡੀ ਤਸਵੀਰ ਤੋਂ ਇਲਾਵਾ ਡੇਢ ਦਰਜਨ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਹਨ ਅਤੇ ਮਿਸ਼ਨ 2022 ਵੱਡਾ ਕਰਕੇ ਲਿਖਿਆ ਹੋਇਆ ਹੈ। ਪੋਸਟਰ ਜਾਰੀ ਕਰਤਾ ਦੀ ਥਾਂ ’ਤੇ ਹਲਕਾ ਮਲੋਟ ਅਤੇ ਲੰਬੀ ਦਰਸਾਇਆ ਗਿਆ ਹੈ। ਇਨ੍ਹਾਂ ਪੋਸਟਰਾਂ ਦੇ ਮਾਮਲੇ ਵਿੱਚ ਕਾਂਗਰਸ ਦੇ ਯੂਥ ਆਗੂ ਐਡਵੋਕੇਟ ਜਸਪਾਲ ਸਿੰਘ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਵਿਅਕਤੀ ਨੂੰ ਆਪਣੀ ਗੱਲ ਕਰਨ ਤੇ ਕਹਿਣ ਦਾ ਅਧਿਕਾਰ ਹੈ। ਜੇਕਰ ਸ਼ਹਿਰ ਵਿੱਚ ਪੋਸਟਰ ਲੱਗੇ ਹਨ ਤਾਂ ਇਸ ਵਿੱਚ ਮਾੜੀ ਗੱਲ ਕੀ ਹੈ। ਸ੍ਰੀ ਬਾਜਵਾ ਸੀਨੀਅਰ ਲੀਡਰ ਹਨ ਅਤੇ ਉਹ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਉਹ ਲੋਕਾਂ ਦੇ ਦੁੱਖ-ਸੁੱਖ ਵਿੱਚ ਆਉਂਦੇ ਰਹਿੰਦੇ ਹਨ। ਸ਼ਹਿਰ ਵਿੱਚ ਲੱਗੇ ਇਨ੍ਹਾਂ ਪੋਸਟਰਾਂ ਬਾਰੇ ਸਿਆਸੀ ਮਾਹਿਰਾਂ ਵੱਲੋਂ ਵੱਖ-ਵੱਖ ਅੰਦਾਜ਼ੇ ਲਗਾਏ ਜਾ ਰਹੇ ਹਨ। ਉਮੀਦ ਹੈ ਕਿ ਜਲਦੀ ਹੀ ਸਥਿਤੀ ਸਪੱਸ਼ਟ ਹੋ ਜਾਵੇਗੀ।