ਪੱਤਰ ਪ੍ਰੇਰਕ
ਮਾਨਸਾ, 16 ਮਈ
ਗਰਮੀਆਂ ਦੀਆਂ ਕੀਤੀਆਂ ਅਗੇਤੀਆਂ ਛੁੱਟੀਆਂ ਨੂੰ ਐਨ ਮੌਕੇ ’ਤੇ ਰੱਦ ਕਰਨ ਤੋਂ ਬਾਅਦ ਸੋਮਵਾਰ ਨੂੰ ਮੁੜ ਖੁੱਲ੍ਹੇ ਸਕੂਲਾਂ ਤੋਂ ਬਾਅਦ ਵਿਦਿਆਰਥੀਆਂ ਦੀ ਗਿਣਤੀ ਪਹਿਲਾ ਨਾਲੋਂ ਘੱਟ ਰਹੀ। ਮਾਪਿਆਂ, ਅਧਿਆਪਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆਈਆਂ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲਾ 15 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਸੀ, ਜਿਸ ਦੇ ਮੱਦੇਨਜ਼ਰ ਅਧਿਆਪਕਾਂ ਨੇ ਵੀ ਸ਼ੁੱਕਰਵਾਰ ਨੂੰ ਬੱਚਿਆਂ ਨੂੰ ਛੁੱਟੀਆਂ ਕਰਦਿਆਂ ਸਕੂਲਾਂ ਨੂੰ ਜਿੰਦੇ ਲਾ ਦਿੱਤੇ ਸਨ, ਪਰ ਬਾਅਦ ’ਚ ਸਰਕਾਰ ਦੇ ਆਏ ਨਵੇਂ ਫੁਰਮਾਨ ਨੇ ਅਧਿਆਪਕਾਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ। ਅਧਿਆਪਕਾਂ ਨੂੰ ਪਿੰਡ ਦੇ ਗੁਰੂ ਘਰਾਂ ਤੋਂ ਵਿਦਿਆਰਥੀਆਂ ਨੂੰ ਸੋਮਵਾਰ ਤੋਂ ਮੁੜ ਸਕੂਲ ਆਉਣ ਲਈ ਅਪੀਲਾਂ ਕਰਨੀਆਂ ਪਈਆ। ਉਧਰ, ਮਾਪਿਆਂ ਦੀ ਨਜ਼ਰ ’ਚ ਵੀ ਨਵੀਂ ਸਰਕਾਰ ਦੇ ਵਾਰ ਵਾਰ ਬਦਲਦੇ ਫੈਸਲੇ ਮਜ਼ਾਕ ਦਾ ਪਾਤਰ ਬਣੇ। ਵੱਖ-ਵੱਖ ਅਧਿਆਪਕ ਜਥੇਬੰਦੀਆਂ ਦਾ ਕਹਿਣਾ ਸੀ ਕਿ ਨਵੀਂ ਸਰਕਾਰ ਵੀ ਅਜੇ ਤੱਕ ਠੋਸ ਨੀਤੀ ਨਹੀਂ ਬਣਾ ਸਕੀ। ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਭਲਾਈਆਣਾ ਦਾ ਕਹਿਣਾ ਸੀ ਕਿ ਫੈਸਲਿਆਂ ਨੂੰ ਵਾਰ-ਵਾਰ ਬਦਲਣਾ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਨਾਲ ਕੌਝਾ ਮਜ਼ਾਕ ਹੈ। ਅਧਿਆਪਕ ਆਗੂ ਹਰਦੀਪ ਸਿੱਧੂ ਨੇ ਮੰਗ ਕੀਤੀ ਕਿ ਹੁਣ ਸਰਕਾਰ ਰਹਿੰਦੀਆਂ ਕਿਤਾਬਾਂ ਦਾ ਵੀ ਤਰੁੰਤ ਪ੍ਰਬੰਧ ਕਰੇ।