ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 15 ਮਾਰਚ
ਗੁਰੂਕੁਲ ਇੰਟਰਨੈਸ਼ਨਲ ਸਕੂਲ ਭਾਈਰੂਪਾ ਦੇ ਪ੍ਰਬੰਧਕਾਂ ਵੱਲੋਂ ਮਾਪਿਆਂ ਵੱਲ ਬਕਾਇਆ ਫ਼ੀਸਾਂ ਦੇ ਭੁਗਤਾਨ ਦੀ ਮੰਗ ਤੋਂ ਅੱਕੇ ਗੁਰੂਕੁਲ ਸਕੂਲ ‘ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਇਨਸਾਫ਼ ਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ ਸਕੂਲ ਦੇ ਮੁੱਖ ਗੇਟ ਅੱਗੇ ਧਰਨਾ ਦੇ ਕੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੱਚਿਆਂ ਦੇ ਮਾਪਿਆਂ ਗੁਰਵਿੰਦਰ ਸਿੰਘ ਦਿਆਲਪੁਰਾ, ਗਮਦੂਰ ਸਿੰਘ, ਅਮਰੀਕ ਸਿੰਘ, ਗੁਰਵੀਰ ਸਿੰਘ, ਰਣਜੀਤ ਸਿੰਘ ਆਦਿ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਭਾਰੀ ਆਰਥਿਕ ਮੁਸ਼ਕਲਾਂ ਦੇ ਬਾਵਜੂਦ ਉਨ੍ਹਾਂ ਸਬੰਧਤ ਸਕੂਲ ਨੂੰ 70 ਫੀਸਦੀ ਟਿਊਸ਼ਨ ਫੀਸ ਜਮ੍ਹਾਂ ਕਰਵਾ ਦਿੱਤੀ ਹੈ ਪਰ ਹੁਣ ਸਕੂਲ ਪ੍ਰਬੰਧਕਾਂ ਵੱਲੋਂ ਰਹਿੰਦੀ 30 ਫ਼ੀਸਦੀ ਟਿਊਸ਼ਨ ਫ਼ੀਸ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਅੱਜ ਸਕੂਲ ਪ੍ਰਬੰਧਕਾਂ ਤੇ ਮਾਪਿਆਂ ਵਿਚਕਾਰ ਗੱਲਬਾਤ ਸਿਰੇ ਨਹੀਂ ਲੱਗੀ ਪਰ ਮਾਪਿਆਂ ਨੇ 9 ਮੈਂਬਰੀ ਕਮੇਟੀ ਦਾ ਗਠਨ ਕਰ ਲਿਆ ਹੈ ਤੇ ਅਗਲਾ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਲੜਿਆ ਜਾਵੇਗਾ।
12 ਫ਼ੀਸਦੀ ਟਿਊਸ਼ਨ ਫ਼ੀਸ ਛੱਡਣ ਦੀ ਗੱਲ ਰੱਖੀ ਹੈ: ਐੱਮਡੀ
ਸਕੂਲ ਦੇ ਐੱਮਡੀ ਰੋਹਿਤ ਕੁਮਾਰ ਦਾ ਕਹਿਣਾ ਸੀ ਕਿ ਕੋਰਟ ਦੇ ਫ਼ੈਸਲੇ ਤੇ ਮਾਪਿਆਂ ਨਾਲ ਨਵੰਬਰ ਮਹੀਨੇ ਹੋਈ ਗੱਲਬਾਤ ਅਨੁਸਾਰ ਹੀ ਫ਼ੀਸ ਲਈ ਜਾ ਰਹੀ ਹੈ ਪਰ ਫਿਰ ਵੀ ਉਨ੍ਹਾਂ 12 ਫੀਸਦੀ ਟਿਊਸ਼ਨ ਫ਼ੀਸ ਮਾਪਿਆਂ ਨੂੰ ਛੱਡਣ ਦੀ ਗੱਲ ਕਹੀ ਹੈ ਪਰ ਮਾਪਿਆਂ ਨੇ ਅਜੇ ਤੱਕ ਇਸ ਸਬੰਧੀ ਹਾਮੀ ਨਹੀਂ ਭਰੀ।