ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 13 ਜਨਵਰੀ
ਲਾਪਤਾ ਧੀ ਦੀ ਬਰਾਮਦਗੀ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਮਾਪਿਆਂ ਅਤੇ ਕਈ ਜਥੇਬੰਦੀਆਂ ਵੱਲੋਂ ਥਾਣਾ ਸਿਟੀ ਮੂਹਰੇ ਬੀਤੀ ਰਾਤ ਤੋਂ ਧਰਨਾ ਦਿੱਤਾ ਜਾ ਰਿਹਾ ਹੈ ਪਰ ਹਾਲੇ ਤੱਕ ਨਾ ਤਾਂ ਪੁਲੀਸ ਨੇ ਕਿਸੇ ਮੁਲਜ਼ਮ ਦਾ ਨਾਮ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਹੈ ਅਤੇ ਨਾ ਹੀ ਲੜਕੀ ਦਾ ਕੋਈ ਸੁਰਾਗ ਮਿਲਿਆ ਹੈ। ਜਾਣਕਾਰੀ ਅਨੁਸਾਰ ਗਾਂਧੀ ਨਗਰ ਦੇ ਰਹਿਣ ਵਾਲੇ ਸੁਖਜੀਤ ਸਿੰਘ ਨੇ ਥਾਣਾ ਸਿਟੀ ਪੁਲੀਸ ਨੂੰ ਸੂਚਨਾ ਦਿੱਤੀ ਕਿ ਉਸ ਦੀ 17 ਸਾਲਾ ਲੜਕੀ, 20 ਹਜ਼ਾਰ ਰੁਪਏ, ਮੋਬਾਈਲ ਫੋਨ ਅਤੇ ਹੋਰ ਕੀਮਤੀ ਸਾਮਾਨ 11 ਜਨਵਰੀ ਤੋਂ ਗਾਇਬ ਹੈ। ਸੁਖਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੀ ਗੁੰਮਸ਼ੁਦਗੀ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਨਾਮ ਵੀ ਉਹ ਪੁਲੀਸ ਨੂੰ ਦੱਸ ਚੁੱਕੇ ਹਨ ਪਰ ਪੁਲੀਸ ਵੱਲੋਂ ਮੁਲਜ਼ਮਾਂ ਦੇ ਨਾਮ ਮੁਕੱਦਮੇ ਵਿੱਚ ਦਰਜ ਨਹੀਂ ਕੀਤੇ ਗਏ ਅਤੇ ਨਾ ਹੀ ਹਾਲੇ ਤੱਕ ਕਿਸੇ ਮੁਲਜ਼ਮ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੂੰ ਆਪਣੀ ਧੀ ਦੀ ਜਾਨ ਦਾ ਵੀ ਖਤਰਾ ਬਣਿਆ ਹੋਇਆ ਹੈ। ਇਸ ਦੌਰਾਨ ਕਾਮਰੇਡ ਇੰਦਰਜੀਤ, ਕਾਮਰੇਡ ਤਰਸੇਮ, ਹਰਵਿੰਦਰਪਾਲ ਭਲਵਾਨ ਹੋਰਾਂ ਨੇ ਧਰਨੇ ਦੀ ਅਗਵਾਈ ਕਰਦਿਆਂ ਕਿਹਾ ਕਿ ਪੁਲੀਸ ਜਾਣ-ਬੁੱਝ ਕੇ ਮੁਲਜ਼ਮਾਂ ਦਾ ਪੱਖ ਪੂਰ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਮੁਲਜ਼ਮਾਂ ਦੀ ਗ੍ਰਿਫਤਾਰੀ ਤੱਕ ਲਗਾਤਾਰ ਧਰਨਾ ਜਾਰੀ ਰੱਖਣਗੇ। ਧਰਨੇ ਦੌਰਾਨ ਪਰਿਵਾਰ ਦੀਆਂ ਔਰਤਾਂ ਅਤੇ ਛੋਟੇ ਬੱਚੇ ਵੀ ਰਾਤ ਭਰ ਸੜਕ ਉਪਰ ਬੈਠੇ ਰਹੇ। ਇਸ ਦੌਰਾਨ ਤਫਤੀਸ਼ੀ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।