ਸ਼ਗਨ ਕਟਾਰੀਆ
ਜੈਤੋ, 15 ਨਵੰਬਰ
ਇਥੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜਨਮ ਦਿਵਸ ਖੰਡਿਤ ਹੋ ਚੁੱਕੀ ਨਹਿਰੂ ਸਮਾਰਕ ’ਤੇ ਮਨਾਇਆ। ਆਪਣੀ ਬੁੱਕਲ ’ਚ ਵਿਲੱਖਣ ਇਤਿਹਾਸ ਸਮੋਈ ਬੈਠੀ ਯਾਦਗਾਰ ਬਾਰੇ ਸ਼ੁਭਚਿੰਤਕਾਂ ਨੇ ਸਰਕਾਰਾਂ ਦੀ ਸੰਵੇਦਨਹੀਣਤਾ ਨੂੰ ਦੋਸ਼ੀ ਕਰਾਰ ਦਿੰਦਿਆਂ ਇਸ ਦੀ ਸਾਰ ਲੈਣ ਲਈ ਆਵਾਜ਼ ਉਠਾਈ।
ਫ਼ਰੀਡਮ ਫ਼ਾਈਟਰਜ਼ ਉੱਤਰਾਧਿਕਾਰੀ ਸੰਗਠਨ ਅਤੇ ਹਿਊਮਨ ਰਾਈਟਸ ਐਸੋਸੀਏਸ਼ਨ ਦੇ ਆਗੂ ਰਾਮ ਰਾਜ ਸੇਵਕ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਸੱਤ ਪਾਲ ਡੋਡ ਨੇ ਅਫਸੋਸ ਜਤਾਇਆ ਕਿ ਸਰਕਾਰਾਂ ਦੀ ਬੇਰੁਖ਼ੀ ਅਤੇ ਮੌਸਮੀ ਪ੍ਰਕੋਪ ਸਦਕਾ ਹੁਣ ਇਹ ਥਾਂ ਖੰਡਰ ਵਿੱਚ ਤਬਦੀਲ ਹੋ ਚੁੱਕੀ ਹੈ।
ਨੌਜਵਾਨ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਗੁਰਸੇਵਕ ਸਿੰਘ ਜੈਤੋ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਇਸ ਵਿਰਾਸਤੀ ਯਾਦਗਾਰ ਦੇ ਸੁੰਦਰੀਕਰਨ ਲਈ ਕਰੀਬ ਦਸ ਸਾਲ ਪਹਿਲਾਂ 65 ਲੱਖ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਦੁਆਰਾ ਖ਼ਰਚੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਠੇਕੇ ’ਤੇ ਕਰਵਾਏ ਕੰਮ ’ਚ ਇੰਨਾ ਵੱਡਾ ਘਪਲਾ ਹੋਇਆ ਕਿ ਇਸ ’ਚੋਂ ਮਸਾਂ 10 ਫੀਸਦੀ ਪੈਸਾ ਹੀ ਖ਼ਰਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਕੌਮੀ ਵਿਰਾਸਤ ਦੀ ਸੰਭਾਲ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ ਪਰ ਕਈ ਸਾਲ ਬੀਤਣ ਪਿੱਛੋਂ ਵੀ ਸਰਕਾਰ ਨੇ ਇਸ ਦੀ ਸੁਧ ਨਹੀਂ ਲਈ।