ਰਵਿੰਦਰ ਰਵੀ/ਪੁਨੀਤ ਮੈਨਨ
ਬਰਨਾਲਾ/ਧਨੌਲਾ, 25 ਅਗਸਤ
ਪਿਛਲੇ ਮਹੀਨੇ ਨਜ਼ਦੀਕੀ ਪਿੰਡ ਪੰਧੇਰ ਵਾਸੀ ਗੁਰਲਾਲ ਲਾਲੀ ਦੇ ਕਾਤਲਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਨਾ ਕੀਤਾ ਜਾਣ ਸਬੰਧੀ ਰੋਸ ਪ੍ਰਦਰਸ਼ਨ ਕਰਦਿਆਂ ਪਿੰਡ ਦਾ ਸਾਂਝਾ ਇਕੱਠ ਕੀਤਾ ਗਿਆ। ਪੰਜਾਬ ਕਿਸਾਨ ਯੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ 25 ਜੁਲਾਈ ਨੂੰ ਗੁਰਲਾਲ ਸਿੰਘ ਦਾ ਕਤਲ ਕਰ ਕੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਗਈ ਸੀ, ਜੋ ਕਿ 4 ਦਿਨਾਂ ਬਾਅਦ ਮਾਨਸਾ ਜ਼ਿਲ੍ਹੇ ਚੋਂ ਬਰਾਮਦ ਹੋਈ। ਇਸ ਸਬੰਧੀ ਗੁਰਲਾਲ ਬਿਆਨਾਂ ਦੀ ਸਪੁੱਤਰੀ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਾ ਹੋਣ ’ਤੇ ਪਿੰਡ ਦੀ ਸਮੂਹ ਪੰਚਾਇਤ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਗੋਰਾ ਸਿੰਘ ਭੈਣੀ, ਸਰਪੰਚ ਗੁਰਮੀਤ ਸਿੰਘ, ਪ੍ਰਗਟ ਸਿੰਘ ਪੰਧੇਰ ਨੇ ਕਿਹਾ ਕਿ ਜੇਕਰ ਪੁਲੀਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਮੱਘਰ ਸਿੰਘ, ਪ੍ਰਿਤਪਾਲ ਸਿੰਘ, ਬਾਘ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ, ਗੁਰਪਿੰਦਰ ਸਿੰਘ, ਰਾਮ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।
ਸੀਪੀਆਈ ਵੱਲੋਂ ਪੁਲੀਸ ਥਾਣਿਆਂ ਦੇ ਘਿਰਾਓ ਦਾ ਐਲਾਨ
ਮਾਨਸਾ (ਪੱਤਰ ਪ੍ਰੇਰਕ): ਪੁਲੀਸ ਦੇ ਸਮਾਜ ਵਿਰੋਧੀ ਤੱਤਾਂ ਦੀ ਮਿਲੀਭੁਗਤ ਨਸ਼ੇ ਦੇ ਕਾਰੋਬਾਰੀਆਂ ਦੀ ਪੁਸ਼ਤ ਮਨਾਹੀ ਖ਼ਿਲਾਫ਼ ਸੀਪੀਆਈ ਤਹਿਸੀਲ ਬੁਢਲਾਡਾ ਵੱਲੋਂ 3 ਸਤੰਬਰ ਨੂੰ ਬੁਢਲਾਡਾ ਸ਼ਹਿਰੀ ਥਾਣੇ ਦਾ ਸੰਕੇਤਕ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਪਾਰਟੀ ਦੇ ਇਥੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੇ ਨਸ਼ੇ ਅਤੇ ਗੈਂਗਸਟਰਾਂ ਦੀ ਵੱਧ ਰਹੀ ਗਿਣਤੀ ਨੂੰ ਗੰਭੀਰਤਾ ਨਾਲ ਲੈਕੇ ਪਾਰਟੀ ਵੱਲੋਂ ਪੁਲੀਸ ਦੇ ਸਹੀ ਰੋਲ ਨੂੰ ਲਾਗੂ ਕਰਵਾਉਣ ਲਈ ਥਾਣਿਆਂ ਦਾ ਘਿਰਾਓ ਕੀਤਾ ਜਾਣ ਲੱਗਾ ਹੈ, ਜਿਸ ਤਹਿਤ ਸੀਪੀਆਈ ਵੱਲੋਂ 3 ਸਤੰਬਰ ਨੂੰ ਥਾਣਾ ਸਿਟੀ ਬੁਢਲਾਡਾ ਦਾ ਘਿਰਾਓ ਕੀਤਾ ਜਾਵੇਗਾ।