ਪੱਤਰ ਪ੍ਰੇਰਕ
ਧਨੌਲਾ, 10 ਸਤੰਬਰ
ਬੀਤੇ ਮਹੀਨੇ ਕਤਲ ਹੋਏ ਗੁਰਲਾਲ ਸਿੰਘ ਦੇ ਮਾਮਲੇ ਸਬੰਧੀ ਯੋਗ ਕਾਰਵਾਈ ਨਾ ਕਰਨ ਤੇ ਰੋਸ ਪ੍ਰਦਰਸ਼ਨ ਕਰਦਿਆਂ ਕਿਸਾਨ ਯੂਨੀਅਨ ਦੇ ਪਿੰਡ ਪੰਧੇਰ ਵਾਸੀਆਂ ਨੇ ਥਾਣਾ ਧਨੌਲਾ ਅੱਗੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਪਿੰਡ ਪੰਧੇਰ ਦੇ 42 ਸਾਲਾ ਗੁਰਲਾਲ ਸਿੰਘ ਦੀ ਲਾਸ਼ ਬਰਾਮਦ ਹੋਈ ਸੀ, ਪੁਲੀਸ ਵੱਲੋਂ ਕੀਤੀ ਕਾਰਵਾਈ ਦੌਰਾਨ ਮ੍ਰਿਤਕ ਦੇ ਲੜਕੇ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਸੀ ਪਰੰਤੂ ਹੋਰ ਮੁਲਜ਼ਮਾਂ ਦਾ ਨਾਮ ਨਹੀਂ ਦਰਜ ਕੀਤਾ ਗਿਆ। ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ, ਗੋਰਾ ਸਿੰਘ ਭੈਣੀ ਬਾਗਾ, ਸਰਪੰਚ ਹਰਮੀਤ ਸਿੰਘ, ਗੁਰਤੇਜ ਸਿੰਘ ਮਹਿਰਾਜ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਡੀਐਸਪੀ ਲਖਵੀਰ ਟਿਵਾਣਾ ਅਤੇ ਵਿਸਵਜੀਤ ਸਿੰਘ ਮਾਨ ਨੇ ਧਰਨਾਕਾਰੀਆਂ ਨਾਲ ਗੱਲਬਾਤ ਦੌਰਾਨ 10 ਦਿਨਾਂ ਦੇ ਅੰਦਰ ਅੰਦਰ ਦੋਬਾਰਾ ਪੜਤਾਲ ਕਰ ਪਰਿਵਾਰ ਨੂੰ ਇਨਸਾਫ ਦਵਾਉਣ ਦਾ ਭਰੋਸਾ ਦਿੱਤਾ।