ਪੱਤਰ ਪ੍ਰੇਰਕ
ਗਿੱਦੜਬਾਹਾ, 27 ਸਤੰਬਰ
ਬੀਡੀਪੀਓ ਦਫ਼ਤਰ ਅਧੀਨ ਕੰਮ ਕਰਦੇ ਸਮੂਹ ਪੰਚਾਇਤ ਸਕੱਤਰਾਂ ਅਤੇ ਵੀਡੀਓਜ਼ ਬਲਾਕ ਗਿੱਦੜਬਾਹਾ ਵੱਲੋਂ ਵਿਭਾਗ ਦੇ ਕੰਮਾਂ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਕੰਮ ਕਰਨ ਲਈ ਲਾਈਆਂ ਡਿਊਟੀਆਂ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਸਬੰਧੀ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਮੀਤ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਪੰਚਾਇਤ ਸਕੱਤਰ ਅਤੇ ਵੀਡੀਓਜ਼ ਵਿਭਾਗ ਦੇ ਕੰਮਾਂ ਦੇ ਨਾਲ-ਨਾਲ ਚੋਣਾਂ ਸਬੰਧੀ ਬੀਐੱਲਓਜ਼ ਦਾ ਕੰਮ, ਮੇਰਾ ਘਰ ਮੇਰੇ ਨਾਮ ਸਕੀਮ ਅਧੀਨ ਡ੍ਰੋਨ ਸਰਵੇਖਣ ਅਤੇ ਨਰਮਾ ਚੁਗਾਈ ਦੇ ਫਾਰਮਾਂ ਸਬੰਧੀ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਪੰਜਾਬ ਵੱਲੋਂ ਜਨਵਰੀ ਵਿੱਚ ‘ਮੇਰੇ ਘਰ ਮੇਰੇ ਨਾਮ ਸਕੀਮ’ ਤਹਿਤ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਬਤੌਰ ਸਰਵੇ ਅਫ਼ਸਰ ਲਾਈਆਂ ਗਈਆਂ ਸਨ ਪਰ ਸਬ-ਡਿਵੀਜ਼ਨਲ ਮੈਜਿਸਟ੍ਰੇਟ ਗਿੱਦੜਬਾਹਾ ਵੱਲੋਂ ਆਪਣੇ ਪੱਧਰ ’ਤੇ ਹੀ ਡਿਊਟੀਆਂ ਬਦਲ ਦਿੱਤੀਆਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਜੇ ਇਸ ਸਕੀਮ ਅਧੀਨ ਸਰਵੇ ਅਫ਼ਸਰ ਵਜੋਂ ਕੰਮ ਕੀਤਾ ਜਾਣਾ ਹੈ ਤਾਂ ਵਿਭਾਗ ਵੱਲੋਂ ਕੰਮ ਮੁਕੰਮਲ ਹੋਣ ਤੱਕ ਉਨ੍ਹਾਂ ਨੂੰ ਫਾਰਗ ਕੀਤਾ ਜਾਵੇ ਜਾਂ ਫਿਰ ਉਕਤ ਡਿਊਟੀਆਂ ਕੱਟੀਆਂ ਜਾਣ। ਉਨ੍ਹਾਂ ਦੱਸਿਆ ਕਿ ਉਹ ਆਪਣੇ ਵਿਭਾਗ ਤੋਂ ਇਲਾਵਾ ਹੋਰਨਾਂ ਵਿਭਾਗਾਂ ਦਾ ਕੰਮ ਨਹੀਂ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਹੋਰ ਵਿਭਾਗਾਂ ਨਾਲ ਸਬੰਧਤ ਕੰਮਾਂ ਦੀਆਂ ਡਿਊਟੀਆਂ ਕੱਟੀਆਂ ਜਾਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇੱਕ ਮੰਗ ਪੱਤਰ ਬੀ.ਡੀ.ਪੀ.ਓ. ਗਗਨਦੀਪ ਕੌਰ ਨੂੰ ਦਿੱਤਾ ਹੈ ਅਤੇ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ।