ਲਖਵੀਰ ਸਿੰਘ ਚੀਮਾ
ਟੱਲੇਵਾਲ, 31 ਜਨਵਰੀ
26 ਦੀਆਂ ਘਟਨਾਵਾਂ ਤੋਂ ਬਾਅਦ ਕਿਸਾਨ ਅੰਦੋਲਨ ਮੁੜ ਖੜ੍ਹਾ ਗਿਆ ਹੈ। ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਤੇ ਪਾਸ ਕਰ ਕੇ ਇਸ ਸੰਘਰਸ਼ ਵਿੱਚ ਨਵੀਂ ਜਾਨ ਭਰੀ ਗਈ ਹੈ। ਇਸ ਰਾਹੀਂ ਪਿੰਡਾਂ ਦੇ ਕਿਸਾਨਾਂ ਲਈ ਦਿੱਲੀ ਮੋਰਚੇ ਵਿੱਚ ਹਾਜ਼ਰੀ ਭਰਨੀ ਯਕੀਨੀ ਬਣਾਈ ਜਾ ਰਹੀ ਹੈ। ਬਰਨਾਲਾ ਜ਼ਿਲ੍ਹੇ ਵਿੱਚ ਹੁਣ ਤੱਕ ਕਰੀਬ 12 ਪੰਚਾਇਤਾਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਇਹ ਮਤੇ ਪਾਸ ਕੀਤੇ ਗਏ ਹਨ। ਇਸ ਨਾਲ ਦਿੱਲੀ ਮੋਰਚੇ ’ਚ ਜਾਣ ਵਾਲੇ ਕਾਫ਼ਲਿਆਂ ਵਿੱਚ ਮੁੜ ਵਾਧਾ ਹੋ ਲੱਗਿਆ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਪਿੰਡ ਢਿੱਲਵਾਂ ਦੀਆਂ 6 ਪੰਚਾਇਤਾਂ, ਪੱਖੋ ਕਲਾਂ, ਜੋਧਪੁਰ, ਰੂੜੇਕੇ ਕਲਾਂ, ਰੂੜੇਕੇ ਖ਼ੁਰਦ, ਗੰਗੋਹਰ, ਗੁਰਮ ਦੀਆਂ ਪੰਚਾਇਤਾਂ ਵੱਲੋਂ ਇਹ ਮਤੇ ਪਾਸ ਕੀਤੇ ਜਾ ਚੁੱਕੇ ਹਨ। ਕਿਸਾਨ ਅੰਦੋਲਨ ਲਈ ਮਤੇ ਪਾਸ ਕਰਨ ਦੀ ਮੁਹਿੰਮ ਦਿਨੋਂ ਦਿਨ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ।
ਸਰਪੰਚ ਜੋਗਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਢਿੱਲਵਾਂ ਦੀਆਂ 6 ਪੰਚਾਇਤਾਂ, ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਵਲੋਂ ਪਾਸ ਕੀਤੇ ਮਤੇ ਅਨੁਸਾਰ ਹਰ ਕਿਸਾਨ ਦੀ ਦਿੱਲੀ ਮੋਰਚੇ ਵਿੱਚ 7 ਦਿਨ ਹਾਜ਼ਰੀ ਲਾਜ਼ਮੀ ਕੀਤੀ ਗਈ ਹੈ। ਜੇ ਕੋਈ ਕਿਸਾਨ ਦਿੱਲੀ ਨਹੀਂ ਜਾਵੇਗਾ ਤਾਂ ਉਸ ਨੂੰ ਪ੍ਰਤੀ ਦਿਨ 300 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ।
ਪਿੰਡ ਜੋਧਪੁਰ ਦੇ ਸਰਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਕਿਸਾਨੀ ਘੋਲ ’ਚ 7 ਦਿਨ ਸ਼ਾਮਲ ਨਾ ਹੋਣ ਵਾਲੇ ਕਿਸਾਨ ਨੂੰ 500 ਰੁਪਏ ਪ੍ਰਤੀ ਏਕੜ ਜ਼ੁਰਮਾਨਾ ਕੀਤਾ ਜਾਵੇਗਾ। ਪੰਚਾਇਤੀ ਮਤੇ ਦਾ ਵਿਰੋਧ ਕਰਨ ਵਾਲੇ ਦਾ ਸਮਾਜਿਕ ਬਾਈਕਾਟ ਹੋਵੇਗਾ। ਘੋਲ ਦੌਰਾਨ ਟਰੈਕਟਰ ਜਾਂ ਗੱਡੀ ਦੇ ਹੋਣ ਵਾਲੇ ਨੁਕਸਾਨ ਦੀ ਭਰਪਾਈ ਪਿੰਡ ਮਿਲ ਕੇ ਕਰੇਗਾ।
ਪੱਖੋਕਲਾਂ ਦੀ ਪੰਚਾਇਤ ਨੇ ਕਿਸਾਨ ਅੰਦੋਲਨ ਲਈ ਵਿਸ਼ੇਸ਼ ਕਮੇਟੀ ਬਣਾਈ ਹੈ, ਜੋ ਕਿਸਾਨਾਂ ਦੀ ਦਿੱਲੀ ਮੋਰਚੇ ’ਚ ਜਾਣ ਲਈ ਡਿਊਟੀ ਲਗਾਵੇਗੀ। ਮੋਰਚੇ ’ਚ ਨਾ ਜਾਣ ਵਾਲੇ ਕਿਸਾਨ ਨੂੰ 2100 ਰੁਪਏ ਫੰਡ ਦੇਣਾ ਪਵੇਗਾ। ਗੁਰਮ ਦੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਜਿਸ ਘਰ ਵਿੱਚ ਦੋ ਵਿਅਕਤੀ ਹਨ, ਉਨ੍ਹਾਂ ਵਿੱਚੋਂ ਇੱਕ ਦੀ ਹਾਜ਼ਰੀ ਦਿੱਲੀ ਮੋਰਚੇ ਲਈ ਜ਼ਰੂਰੀ ਕੀਤੀ ਗਈ ਹੈ। ਮਤੇ ਦਾ ਵਿਰੋਧ ਕਰਨ ਵਾਲੇ ਨੂੰ 1100 ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ।
ਪਿੰਡ ਦੀਵਾਨਾ ਦੇ ਸਰਪੰਚ ਰਣਧੀਰ ਸਿੰਘ ਖ਼ੁਦ ਕਾਫ਼ਲੇ ਦੀ ਅਗਵਾਈ ਕਰ ਕੇ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਜਥੇਬੰਦੀਆਂ ਨਾਲ ਤਾਲਮੇਲ ਕਰ ਕੇ ਵਿਸ਼ੇਸ਼ ਮਤਾ ਵੀ ਪਾਇਆ ਜਾਵੇਗਾ।
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਵੱਧ ਤੋਂ ਵੱਧ ਯੂਥ ਅਕਾਲੀ ਵਰਕਰਾਂ ਨੂੰ ਕਿਸਾਨੀ ਝੰਡੇ ਹੇਠ ਦਿੱਲੀ ਸੰਘਰਸ਼ ਵਿੱਚ ਸ਼ਾਮਲ ਹੋਣ ਦੀਆਂ ਕੀਤੀਆਂ ਹਦਾਇਤਾਂ ਅਨੁਸਾਰ ਅੱਜ ਯੂਥ ਅਕਾਲੀ ਦਲ ਦਾ ਇੱਕ ਕਾਫ਼ਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕ ਕੇ ਦਿੱਲੀ ਸੰਘਰਸ਼ ਲਈ ਰਵਾਨਾ ਹੋਇਆ।
ਮਾਲਵਾ ਪੱਟੀ ਦੇ ਜ਼ਿਲ੍ਹਿਆਂ ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਰੀਦਕੋਟ ਨਾਲ ਸਬੰਧਿਤ ਯੂਥ ਅਕਾਲੀ ਦਲ ਦੇ ਵਰਕਰ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਮੱਥਾ ਟੇਕਣ ਉਪਰੰਤ ਗੱਡੀਆਂ ਦੇ ਕਾਫ਼ਲੇ ਨਾਲ ਨੌਜਵਾਨ ਦਿੱਲੀ ਟਿਕਰੀ ਬਾਰਡਰ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਲਈ ਰਵਾਨਾ ਹੋਏ।
ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਆਕਾਸ਼ਦੀਪ ਸਿੰਘ ਮਿੱਡੂਖੇੜਾ ਅਤੇ ਫਿਰੋਜ਼ਪੁਰ ਤੋਂ ਸੁਰਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਨੂੰ ਹੋਰ ਹੁਲਾਰਾ ਦੇਣ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਜਥੇ ਵੀ ਦਿੱਲੀ ਜਾਣਗੇ। ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚੋਂ ਵੀ ਜੋ ਕਿਸਾਨ ਆਗੂ ਸੰਘਰਸ਼ ਵਿੱਚ ਡਟੇ ਹੋਏ ਹਨ ਉਨ੍ਹਾਂ ਦੇ ਪਿੱਛੇ ਪਰਿਵਾਰਕ ਕੰਮਾਂ-ਕਾਰਾਂ ਲਈ ਵਰਕਰਾਂ ਦੀ ਡਿਊਟੀਆਂ ਲਗਾਈਆਂ ਗਈਆਂ ਹਨ।
ਇਸ ਮੌਕੇ ਗੁਰਦੀਪ ਸਿੰਘ ਕੋਟਸ਼ਮੀਰ ਜ਼ਿਲ੍ਹਾ ਪ੍ਰਧਾਨ ਬਠਿੰਡਾ, ਰਣਯੋਧ ਸਿੰਘ ਲੰਬੀ ਸਰਕਲ ਪ੍ਰਧਾਨ, ਨੀਟੂ ਤਪਾਖੇੜਾ ਸਰਕਲ ਪ੍ਰਧਾਨ, ਖੁਸ਼ਬੀਰ ਸਿੰਘ ਥਰਾਜਵਾਲਾ ਸਰਕਲ ਪ੍ਰਧਾਨ, ਜਗਮੀਤ ਸਿੰਘ ਚਹਿਲ ਖੁੱਡੀਆਂ, ਮਨਵਿੰਦਰ ਸਿੰਘ ਭੀਟੀਵਾਲਾ, ਜਸਵਿੰਦਰ ਸਿੰਘ ਜੈਲਦਾਰ ਹਲਕਾ ਪ੍ਰਧਾਨ ਤਲਵੰਡੀ ਸਾਬੋ, ਮੋਤੀ ਸਿੰਘ ਸਾਬਕਾ ਸਰਪੰਚ, ਆਦਿ ਆਗੂ ਮੌਜੂਦ ਸਨ।
ਰੇਲ ਗੱਡੀ ਰਾਹੀਂ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਕਾਫ਼ਲਾ ਅੱਜ ਸਵੇਰੇ ਰੇਲ ਰਾਹੀਂ ਗੁਰਜੀਤ ਸਿੰਘ ਖੰਗੂੜਾ ਦੀ ਅਗਵਾਈ ਹੇਠ ਦਿੱਲੀ ਸੰਘਰਸ਼ ਵਿਚ ਭਾਗ ਲੈਣ ਲਈ ਰਵਾਨਾ ਹੋਇਆ। ਕਾਫ਼ਲੇ ਵਿਚ ਭਜਨ ਸਿੰਘ ਮੌੜ, ਬਸੰਤ ਸਿੰਘ ਮੌੜ, ਗੁਰਮੇਲ ਸਿੰਘ, ਜਗਸੀਰ ਸਿੰਘ, ਗੁਰਜੀਤ ਸਿੰਘ ਆਦਿ ਸ਼ਾਮਲ ਸਨ। ਜਥੇਬੰਦੀ ਦੇ ਇਕਾਈ ਪ੍ਰਧਾਨ ਗੁਰਜੀਤ ਸਿੰਘ ਪਿਛਲੇ 57 ਦਿਨਾਂ ਤੋਂ ਦਿੱਲੀ ਡਟੇ ਹੋਏ ਹਨ। ਕਿਸਾਨਾਂ ਨੇ ਕਿਹਾ ਕਿ ਜਿੰਨਾ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਸੰਘਰਸ਼ ਜਾਰੀ ਰਹੇਗਾ। ਇਸੇ ਤਰ੍ਹਾਂ ਗ੍ਰਾਮ ਪੰਚਾਇਤ ਜੋਧਪੁਰ ਨੇ ਦਿੱਲੀ ਸੰਘਰਸ਼ ਵਿਚ ਕਾਫ਼ਲੇ ਭੇਜਣ ਲਈ ਮਤੇ ਪਾਏ ਹਨ। ਸਰਪੰਚ ਬਲਵੀਰ ਸਿੰਘ ਬੀਰਾ ਦੀ ਅਗਵਾਈ ’ਚ ਹੋਈ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਪਿੰਡ ’ਚੋਂ ਕ੍ਰਮਵਾਰ ਕਾਫ਼ਲੇ ਭੇਜੇ ਜਾਣਗੇ। ਹਰ ਘਰ ’ਚੋਂ ਇੱਕ ਮੈਂਬਰ 7 ਦਿਨਾਂ ਲਈ ਦਿੱਲੀ ਸੰਘਰਸ਼ ਵਿਚ ਜਾਵੇਗਾ। ਫ਼ੈਸਲਾ ਨਾ ਮੰਨਣ ਵਾਲਿਆਂ ਤੋਂ 500 ਰੁਪਏ ਪ੍ਰਤੀ ਏਕੜ ਵਸੂਲਣ ਦਾ ਫ਼ੈਸਲਾ ਕੀਤਾ ਗਿਆ। ਜੇ ਸੰਘਰਸ਼ ਦੌਰਾਨ ਕਿਸੇ ਕਿਸਾਨ ਦੇ ਵਾਹਨ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਮਦਦ ਸਾਰਾ ਪਿੰਡ ਮਿਲ ਕੇ ਕਰੇਗਾ। ਅਨੁਸ਼ਾਸਨ ਜ਼ਰੂਰੀ ਹੋਵੇਗਾ। ਮੀਟਿੰਗ ’ਚ ਪੰਚ, ਭਾਕਿਯੂ ਉਗਰਾਹਾਂ ਤੇ ਕਾਦੀਆਂ ਦੇ ਅਹੁਦੇਦਾਰਾਂ ਸ਼ਾਮਲ ਹੋਏ।