ਪੱਤਰ ਪੇ੍ਰਕ
ਰੂੜੇਕੇ ਕਲਾਂ, 23 ਜੂਨ
ਪਿੰਡ ਪੱਖੋ ਕਲਾਂ ਵਿਖੇ ਦੋ ਹਫਤਿਆਂ ਤੋਂ ਦਲਿਤ ਜ਼ਮੀਨ ਲਈ ਰਾਖਵੀਂ ਬੋਲੀ ਦਾ ਵਿਵਾਦ ਉਸ ਵੇਲੇ ਹੋਰ ਖਤਰਨਾਕ ਰੂਪ ਧਾਰਨ ਕਰ ਗਿਆ ਜਦ ਪ੍ਰਸ਼ਾਸਨ ਵੱਲੋਂ ਲਗਾਤਾਰ ਉੱਪਰੋ-ਥਲੀ ਦੋ ਦਿਨਾਂ ਤੋਂ ਰੱਖੀ ਜਾ ਰਹੀ ਬੋਲੀ ਵਿੱਚ ਅੱਜ ਪਿੰਡ ਦੇ ਹੀ ਦਲਿਤ ਬੇਨਿਯਮੀਆਂ ਦਾ ਦੋਸ਼ ਲਗਾ ਕੇ ਬੋਲੀ ਦਾ ਬਾਈਕਾਟ ਕਰਕੇ ਟੈਂਕੀ ਉੱਪਰ ਚੜ੍ਹ ਗਏ। ਟੈਂਕੀ ਉੱਪਰ ਚੜ੍ਹੇ ਵਿਅਕਤੀਆਂ ਜਗਸੀਰ ਸਿੰਘ, ਬਿੰਦੂ ਸਿੰਘ, ਬੀਰਬਲ ਸਿੰਘ, ਕੁਲਵੀਰ ਸਿੰਘ ਅਤੇ ਪ੍ਰਗਟ ਸਿੰਘ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ਦੀ ਕੱਲ੍ਹ ਨੂੰ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਕੋਲ ਚੰਡੀਗੜ੍ਹ ਵਿਖੇ ਪੇਸ਼ੀ ਹੋਣ ਕਰਕੇ ਪ੍ਰਸ਼ਾਸਨ ਅੱਕੀਂ ਪਲਾਹੀਂ ਹੱਥ ਮਾਰ ਕੇ ਬੋਲੀ ਦੀ ਖਾਨਾ ਪੂਰਤੀ ਕਰਨ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਤੋਂ ਇੱਕ ਦਿਨ ਪਹਿਲਾਂ 22 ਜੂਨ ਨੂੰ ਬੋਲੀ ਰੱਖੀ ਗਈ ਜੋ ਰੌਲਾ ਪੈਣ ’ਤੇ ਰੱਦ ਹੋ ਗਈ ਉਸ ਤੋਂ ਬਾਅਦ ਦੁਪਿਹਰ ਫਿਰ 3 ਵਜੇ ਬੋਲੀ ਰੱਖੀ ਗਈ ਜਿਸ ਵਿੱਚ ਕੋਈ ਅਧਿਕਾਰੀ ਨਹੀਂ ਆਇਆ। ਅੱਜ ਫਿਰ ਦੂਜੇ ਦਿਨ ਪਹਿਲਾਂ ਸਪੀਕਰ ਵਿੱਚ ਸਵੇਰੇ ਦਸ ਵਜੇ ਦਾ ਹੋਕਾ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਦੁਪਹਿਰ ਇੱਕ ਵਜੇ ਬੋਲੀ ਕਰਵਾਉਣ ਲਈ ਬਲਾਕ ਪੰਚਾਇਤ ਅਫਸਰ ਪ੍ਰਵੇਸ਼ ਗੋਇਲ ਪਹੁੰਚੇ ਸਨ ਜਿਸ ਦਾ ਪਿੰਡ ਦੇ ਦਲਿਤ ਭਾਈਚਾਰੇ ਨੇ ਵਿਰੋਧ ਕੀਤਾ ਤੇ ਇਨਸਾਫ ਲੈਣ ਲਈ ਟੈਂਕੀ ਉੱਪਰ ਚੜ੍ਹ ਗਏ। ਜ਼ਿਕਰਯੋਗ ਹੈ ਕਿ ਪੰਚਾਇਤ ਦੀ ਚਾਲੀ ਏਕੜ ਜਮੀਨ ਵਿੱਚੋਂ ਦਲਿਤ ਭਾਈਚਾਰੇ ਵੱਲੋਂ ਆਪਣਾ 33 ਫੀਸਦੀ ਹਿੱਸੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਡਿਉੂਟੀ ਮਜਿਸਟਰੇਟ ਤਹਿਸੀਲਦਾਰ ਤਪਾ ਬਲਕਰਨ ਸਿੰਘ, ਥਾਣਾ ਮੁਖੀ ਕਮਲਜੀਤ ਸਿੰਘ ਗਿੱਲ ਪੁਲੀਸ ਫੋਰਸ ਨਾਲ ਪਹੁੰਚੇ ਹੋਏ ਸਨ।
ਕੀ ਕਹਿਣਾ ਹੈ ਬਲਾਕ ਪੰਚਾਇਤ ਅਫਸਰ ਦਾ
ਇਸ ਸਬੰਧੀ ਜਦ ਬਲਾਕ ਪੰਚਾਇਤ ਅਫਸਰ ਬਰਨਾਲਾ ਪ੍ਰਵੇਸ਼ ਗੋਇਲ ਦਾ ਪੱਖ ਜਾਣਿਆ ਤਾਂ ਉਨ੍ਹਾਂ ਦੱਸਿਆ ਕਿ ਅੱਜ ਦੀ ਬੋਲੀ ਸਰਕਾਰੀ ਨਿਯਮਾਂ ਅਨੁਸਾਰ ਸਾਰੀ ਪੰਚਾਇਤ ਦੀ ਹਾਜ਼ਰੀ ਵਿੱਚ ਕੀਤੀ ਗਈ ਹੈ ਜਿਸ ਵਿੱਚ ਸਿਰਫ ਦਲਿਤ ਭਾਈਚਾਰੇ ਦੇ ਲੋਕ ਹੀ ਸ਼ਾਮਲ ਸਨ। ਗਰਿੱਡ ਨੇੜਲੀ ਜ਼ਮੀਨ ਨੂੰ ਤਿੰਨ ਭਾਗਾਂ ਵਿੱਚ ਵੰਡ ਕੇ ਵੱਖ-ਵੱਖ ਵਿਅਕਤੀਆਂ ਨੂੰ ਜ਼ਮੀਨ ਦਿੱਤੀ ਗਈ ਹੈ। ਜੋ ਵਿਅਕਤੀ ਬੋਲੀ ਦਾ ਬਾਈਕਾਟ ਕਰਕੇ ਟੈਂਕੀ ਉੱਪਰ ਚੜ੍ਹੇ ਹਨ ਉਹ ਬੇਬੁਨਿਆਦ ਦੋਸ਼ ਲਗਾ ਰਹੇ ਹਨ ਜਿਨ੍ਹਾਂ ਵਿੱਚ ਕੋਈ ਸਚਾਈ ਨਹੀਂ ਹੈ।