ਪੱਤਰ ਪ੍ਰੇਰਕ
ਮੰਡੀ ਰੋੜਾਂ ਵਾਲੀ, 27 ਅਕਤੂਬਰ
ਉਪ ਮੰਡਲ ਜਲਾਲਾਬਾਦ ਦੇ ਪਿੰਡ ਚੱਕ ਖੁੜੰਜ ਪੰਚਾਇਤ ਨੇ ਠੇਕੇਦਾਰ ਅਤੇ ਵਿਭਾਗ ’ਤੇ ਲਿੰਕ ਸੜਕ ’ਤੇ ਕਥਿਤ ਗ਼ੈਰਮਿਆਰੀ ਸਮੱਗਰੀ ਵਰਤਣ ’ਤੇ ਦੋਸ਼ ਲਗਾਏ ਹਨ। ਗ੍ਰਾਮ ਪੰਚਾਇਤ ਚੱਕ ਖੁੜੰਜ ਦੇ ਸਰਪੰਚ ਗੁਰਕੰਵਲਜੀਤ ਸਿੰਘ ਨੇ ਦੱਸਿਆ ਕਿ ਸਾਬਕਾ ਸਰਪੰਚ ਕਸ਼ਮੀਰ ਸਿੰਘ ਦੀ ਢਾਣੀ ਨੂੰ ਜੋੜਨ ਵਾਲੀ ਲਿੰਕ ਸੜਕ ਉੱਤੇ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਠੇਕੇਦਾਰ ਵੱਲੋਂ ਗ਼ੈਰਮਿਆਰੀ ਸਮੱਗਰੀ ਵਰਤੀ ਜਾ ਰਹੀ ਹੈ। ਸਰਪੰਚ ਕਮਲਜੀਤ ਸਿੰਘ ਨੇ ਕਿਹਾ ਕਿ ਸੜਕ ਤੋਂ ਬਜਰੀ ਉੱਖੜ ਰਹੀ ਹੈ ਤੇ ਸੜਕ ਦੇ ਕਿਨਾਰੇ ਪੱਥਰ ਖੜ੍ਹਾਉਣ ਲਈ ਇੱਟਾਂ ਵੀ ਨਹੀਂ ਲਗਾਈਆਂ ਗਈਆਂ ਹਨ। ਇਸ ਮੌਕੇ ਪਿੰਡ ਵਾਸੀ ਪ੍ਰੀਤਮ ਸਿੰਘ, ਸੁਰਿੰਦਰ ਸਿੰਘ, ਕੇਵਲ ਕ੍ਰਿਸ਼ਨ, ਜੀਤ ਸਿੰਘ, ਪ੍ਰੇਮ ਸਿੰਘ, ਰਜਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਘਪਲੇ ਦੀ ਜਾਂਚ ਕਰਵਾਈ ਜਾਵੇ।
ਵਿਭਾਗ ਦੇ ਜੇ.ਈ. ਮੱਖਣ ਸਿੰਘ ਨੇ ਕਿਹਾ ਕਿ 10 ਫੁੱਟ ਚੌੜੀ ਅਤੇ 2100 ਮੀਟਰ ਲੰਬੀ ਸੜਕ ਉਨ੍ਹਾਂ ਦੀ ਨਿਗਰਾਨੀ ਵਿੱਚ ਬਣਾਈ ਗਈ ਹੈ। ਇਸ ਉੱਤੇ ਪੂਰੀ ਸਮੱਗਰੀ ਪਾਈ ਗਈ ਹੈ।