ਜੋਗਿੰਦਰ ਸਿੰਘ ਮਾਨ
ਮਾਨਸਾ, 11 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਕਿਸਾਨੀ ਮੰਗ ਨੂੰ ਲੈ ਕੇ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਪੱਕਾ ਮੋਰਚਾ ਆਰੰਭ ਕਰ ਦਿੱਤਾ ਗਿਆ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਬੇਮੌਸਮੇ ਮੀਂਹਾਂ ਕਾਰਨ ਮਾਰੀਆਂ ਗਈਆਂ ਫ਼ਸਲਾਂ ਅਤੇ ਘਰਾਂ ਦੇ ਹੋਏ ਨੁਕਸਾਨ ਲਈ ਚੁੱਪ ਧਾਰੀ ਹੋਈ ਹੈ, ਜਿਸ ਨੂੰ ਤੋੜਨ ਲਈ ਹੁਣ ਦਿਨ-ਰਾਤ ਦਾ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਜਥੇਬੰਦੀ ਨੇ ਮੰਚ ਤੋਂ ਐਲਾਨ ਕੀਤਾ ਕਿ ਜਦੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਐਲਾਨ ਕੀਤਾ ਜਾਵੇਗਾ, ਉਦੋਂ ਹੀ ਘਰਾਂ ਨੂੰ ਜਾਵਾਂਗੇ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਕਿਹਾ ਕਿ ਸੂਬਾ ਸਰਕਾਰ ਵੱਲੋਂ ਬੇਮੌਸਮੀ ਬਰਸਾਤ ਕਾਰਨ ਹੋਏ ਫ਼ਸਲਾਂ ਅਤੇ ਘਰਾਂ ਦੇ ਨੁਕਸਾਨ ਨੂੰ ਅੱਖੋਂ ਪਰੋਖੇ ਕਰਨਾ ਲੋਕਾਂ ਪ੍ਰਤੀ ਸਰਕਾਰ ਦਾ ਖੋਟਾ ਮਨਸੂਬਾ ਸਾਬਿਤ ਹੁੰਦਾ ਹੈ, ਜਦੋਂ ਕਿ ਸਰਕਾਰ ਨੂੰ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣੀ ਨੂੰ ਅਜੇ 6 ਮਹੀਨੇ ਹੀ ਹੋਏ ਹਨ, ਪਰ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਭੁੱਲ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹਾਦਰ ਲੋਕਾਂ ਨੇ ਬਦਲਾਅ ਲਿਆਉਣ ਲਈ ਵੋਟਾਂ ਪਾਈਆਂ ਸਨ, ਪਰ ਹੁਣ ਬਦਲਾਅ ਵਾਲੀ ਗੱਲ ਦੂਰ ਰਹੀ, ਸਗੋਂ ਸਰਕਾਰ ਅਕਾਲੀਆਂ ਅਤੇ ਕਾਂਗਰਸੀਆਂ ਦੇ ਰਾਹ ਪੈ ਗਈ ਹੈ। ਜਥੇਬੰਦੀ ਦੇ ਜਿਲ੍ਹਾ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਰਕਾਰ ਪਰਾਲੀ ਦੇ ਧੂੰਏਂ ਦਾ ਕਿਸਾਨਾਂ ਨੂੰ ਦੋਸ਼ੀ ਬਣਾ ਕੇ ਸਜ਼ਾ ਦੇਣ ਦੀ ਬਜਾਏ, ਕਿਸਾਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਵੇ ਅਤੇ ਬਣਦਾ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਭਾਰੀ ਮੀਂਹਾਂ ਅਤੇ ਵਾਇਰਲ ਰੋਗ ਨਾਲ ਨਰਮਾ, ਝੋਨਾ ਅਤੇ ਹੋਰ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਪੰਜਾਬ ਸਰਕਾਰ ਨੇ ਮਾਨਸਾ ਜ਼ਿਲ੍ਹੇ ਵਿੱਚ ਵਿਸ਼ੇਸ਼ ਗਿਰਦਾਵਰੀ ਕਰਨ ਦੇ ਆਦੇਸ਼ ਦੇਣ ਦੇ ਬਾਵਜੂਦ ਅਜੇ ਤੱਕ ਖੇਤਾਂ ਵਿੱਚ ਕੋਈ ਅਧਿਕਾਰੀ ਨਹੀਂ ਪੁੱਜਿਆ, ਜਦੋਂ ਕਿ ਕਿਸਾਨਾਂ ਵੱਲੋਂ ਝੋਨੇ ਦੀ ਵਾਢੀ ਅਤੇ ਨਰਮੇ ਦੀ ਚੁਗਾਈ ਆਰੰਭ ਕੀਤੀ ਹੋਈ ਹੈ। ਇਸ ਮੌਕੇ ਜਗਦੇਵ ਸਿੰਘ ਭੈਣੀਬਾਘਾ, ਜਗਦੇਵ ਸਿੰਘ ਕੋਟਲੀ, ਗੁਰਚਰਨ ਸਿੰਘ ਉੱਲਕ, ਰੂਪ ਸਿੰਘ ਵਰਿਆਮ ਸਿੰਘ ਖਿਆਲਾ, ਬਲਜੀਤ ਭੈਣੀ ਬਾਘਾ, ਬੂਟਾ ਸਿੰਘ ਅਕਲੀਆ, ਅਵਤਾਰ ਬੋਹਾ, ਲਾਭ ਸਿੰਘ ਬੁਰਜ ਹਰੀ ਅਤੇ ਬਲਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ।