ਪੱਤਰ ਪ੍ਰੇਰਕ
ਮਾਨਸਾ, 29 ਅਗਸਤ
ਮਜ਼ਦੂਰਾਂ ਦੀਆਂ ਮੰਗਾਂ ਤੇ ਮਸਲਿਆਂ ਹੱਲ ਲਈ ਸਥਾਨਕ ਏਡੀਸੀ ਦਫ਼ਤਰ ਅੱਗੇ ਪੱਕੇ ਮੋਰਚੇ ਵਿੱਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਮਜ਼ਦੂਰਾਂ ਅਤੇ ਪੇਂਡੂ ਗਰੀਬਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਾ ਕੋਈ ਗੱਲਬਾਤ ਕੀਤੀ ਗਈ ਤੇ ਨਾ ਹੀ ਸਰਕਾਰ ਵੱਲੋਂ ਕੋਈ ਕਾਰਵਾਈ ਆਰੰਭੀ ਗਈ ਹੈ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਪਿਛਲੇ ਸਾਲ ਮਰੇ ਨਰਮੇ ਦਾ ਪਾਸ ਹੋਇਆ ਮੁਆਵਜ਼ਾ ਮਜ਼ਦੂਰਾਂ ਦੇ ਖਾਤੇ ਵਿੱਚ ਪਵਾਉਣ, ਕੱਟੇ ਗਏ ਕਣਕ ਦੇ ਕਾਰਡ ਤੇ ਰੁਕੀ ਹੋਈ ਕਣਕ ਜਾਰੀ ਕਰਵਾਉਣ ਲਈ, ਮਨਰੇਗਾ ਕਾਨੂੰਨ ਦੇ ਤਹਿਤ ਪੂਰਾ ਕੰਮ ਤੇ ਪੂਰਾ ਦਿਹਾੜੀ ਲੈਣ ਲਈ, ਮਜ਼ਦੂਰਾਂ ਦਾ ਦਿਹਾੜੀ ਰੇਟ ਜਾਰੀ ਕਰਵਾਉਣ ਲਈ ਤੇ ਘੱਟ ਤੋਂ ਘੱਟ 700 ਰੁਪਏ ਦਿਹਾੜੀ ਲਾਗੂ ਕਰਵਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਇਹ ਮੋਰਚਾ ਜਾਰੀ ਰਹੇਗਾ।
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਮਜ਼ਦੂਰ ਮੁਕਤੀ ਮੋਰਚੇ ਨੇ ਦਲਿਤਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਦੀ ਪੂਰਤੀ ਤੱਕ ਇੱਥੇ ਏਡੀਸੀ (ਵਿਕਾਸ) ਦੇ ਦਫ਼ਤਰ ਅੱਗੇ ਧਰਨੇ ’ਤੇ ਡਟੇ ਰਹਿਣ ਦਾ ਅਹਿਦ ਕੀਤਾ ਹੈ। ਮੋਰਚੇ ਦੇ ਅੱਠਵੇਂ ਦਿਨ ਅੱਜ ਜ਼ਿਲ੍ਹਾ ਪ੍ਰਧਾਨ ਪਿ੍ਰਤਪਾਲ ਸਿੰਘ ਰਾਮਪੁਰਾ ਨੇ ਮੰਗ ਕੀਤੀ ਕਿ ਨਰਮੇ ਦੀ ਚੁਗਾਈ ਦਾ ਕੰਮ ਕਰਦੇ ਮਜ਼ਦੂਰਾਂ ਨੂੰ ਪਿਛਲੇ ਅਤੇ ਹੁਣ ਵਾਲੇ ਸਾਲ ਲਈ ਮੁਆਵਜ਼ਾ ਅਤੇ ਮਜ਼ਦੂਰਾਂ ਨੂੰ 10-10 ਮਰਲਿਆਂ ਦੇ ਪਲਾਟ ਦਿੱਤੇ ਜਾਣ।