ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 4 ਜਨਵਰੀ
ਬੀਐੱਸਐੱਫ ਨੇ ਬੀਓਪੀ ਚੱਕ ਖੀਵਾ ਨੇੜੇ ਭਾਰਤ ਸਰਹੱਦ ’ਚ ਦਾਖਲ ਹੋਏ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕਰਕੇ ਥਾਣਾ ਸਦਰ ਜਲਾਲਾਬਾਦ ਦੇ ਹਵਾਲੇ ਕੀਤਾ ਹੈ। ਮੰਡੀ ਘੁਬਾਇਆ ਦੇ ਚੌਕੀ ਇੰਚਾਰਜ ਸੁਰਿੰਦਰ ਨਿਖੰਜ ਨੇ ਦੱਸਿਆ ਉਨ੍ਹਾਂ ਨੂੰ ਸ਼ੈਲੇਂਦਰ ਯਾਦਵ (ਡੀਐੱਸਪੀ) ਕੰਪਨੀ ਕਮਾਂਡਰ 52 ਬੀਐੱਨ ਬੀਓਪੀ ਚੱਕ ਖੀਵਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁਲਜ਼ਮ ਗੁਲਾਮ ਦਸਤਰੀ ਵਾਸੀ ਪਾਕਿਸਤਾਨ ਨੂੰ ਪਿੰਡ ਚੱਕ ਖੀਵਾ ਦੀ ਬੀਓਪੀ ਤੋਂ ਕਾਬੂ ਕੀਤਾ ਹੈ, ਜਿਸ ਕੋਲੋਂ 90 ਰੁਪਏ ਦੀ ਪਾਕਿਸਤਾਨੀ ਨੋਟ ਮਿਲੇ ਹਨ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।