ਜੋਗਿੰਦਰ ਸਿੰਘ ਮਾਨ
ਮਾਨਸਾ, 3 ਅਕਤੂਬਰ
ਕੇਂਦਰ ਸਰਕਾਰ ਵਲੋਂ ਝੋਨੇ ਦੀ ਖਰੀਦ 3 ਅਕਤੂਬਰ ਤੋਂ ਆਰੰਭ ਕਰਨ ਦੇ ਐਲਾਨ ਦੇ ਬਾਵਜੂਦ ਮਾਨਸਾ ਸਮੇਤ ਇਸ ਇਲਾਕੇ ਦੀਆਂ ਅਨੇਕਾਂ ਅਨਾਜ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿੱਚ ਅੱਜ ਪਹਿਲੇ ਦਿਨ ਝੋਨਾ ਵਿਕਣ ਲਈ ਨਹੀਂ ਆਇਆ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧਾਂ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀਆਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਅੱਜ ਕੋਈ ਢੇਰੀ ਵਿਕਣ ਲਈ ਨਹੀਂ ਪੁੱਜੀ ਹੈ। ਖੇਤੀ ਵਿਭਾਗ ਦੇ ਜ਼ਿਲਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਖੇਤਰ ਵਿਚ ਝੋਨੇ ਦੀ ਲਵਾਈ ਕੁਝ ਦੇਰੀ ਨਾਲ ਹੁੰਦੀ ਹੈ, ਜਿਸ ਕਰਕੇ ਮੰਡੀਆਂ ਵਿੱਚ ਝੋਨਾ ਦੇਰੀ ਨਾਲ ਆਉਂਦਾ ਹੈ। ਕੰਬਾਈਨਾਂ ਨਾਲ ਵਾਢੀ ਆਰੰਭ ਨਹੀਂ ਹੋਈ। ਇਸੇ ਦੌਰਾਨ ਹੀ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਮਾਲਵਾ ਖੇਤਰ ਦੀਆਂ ਮਾਨਸਾ ਸਮੇਤ ਅਨੇਕਾਂ ਮੰਡੀਆਂ ਵਿੱਚ ਅੱਜ ਪਹਿਲੇ ਦਿਨ ਵਿਕਣ ਲਈ ਝੋਨੇ ਦੀ ਫ਼ਸਲ ਨਹੀਂ ਆਈ ਹੈ। ਉਂਝ ਉਨ੍ਹਾਂ ਖਰੀਦ ਲਈ ਹਰ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ ਹੈ।