ਪੱਤਰ ਪ੍ਰੇਰਕ
ਨਥਾਣਾ, 31 ਅਕਤੂਬਰ
ਇਸ ਖੇਤਰ ਦੇ ਖਰੀਦ ਕੇਂਦਰਾਂ ਵਿੱਚ ਝੋਨੇ ਦੇ ਢੇਰ ਲੱਗੇ ਪਏ ਹਨ। ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਖ਼ਰੀਦ ਕੀਤੀ ਗਈ ਜਿਣਸ ਦੀ ਠੀਕ ਤਰੀਕੇ ਨਾਲ ਢੋਆ-ਢੁਆਈ ਨਾ ਹੋਣ ਕਰਕੇ, ਜਿੱਥੇ ਖਰੀਦ ਕੇਂਦਰਾਂ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ, ਉੱਥੇ ਕਿਸਾਨਾਂ ਨੂੰ ਜਿਣਸ ਢੇਰੀ ਕਰਨ ਵਾਸਤੇ ਥਾਂ ਨਹੀ ਂੋਮਿਲ ਰਹੀ। ਟਰੱਕਾਂ ਦੀ ਘਾਟ ਕਾਰਨ ਏਜੰਸੀਆ ਵੱਲੋਂ ਖਰ਼ੀਦਿਆਂ ਝੋਨਾ ਸਮੇਂ ਸਿਰ ਨਹੀਂ ਚੁੱਕਿਆ ਜਾ ਰਿਹਾ। ਨਥਾਣਾ ਤੋਂ ਇਲਾਵਾ ਪੂਹਲਾ, ਕਲਿਆਣ ਸੁੱਖਾ, ਗੋਬਿੰਦਪੁਰਾ ਅਤੇ ਗੰਗਾ ਦੇ ਖ਼ਰੀਦ ਕੇਂਦਰ ਵਿੱਚ ਬੋਰੀਆਂ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਢੋਆ-ਢੁਆਈ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਉਹ ਮੰਡੀਆਂ ਵਿੱਚ ਬੇਲੋੜੀ ਖੱਜਲ ਖੁਆਰੀ ਤੋਂ ਬਚ ਸਕਣ। ਦੂਜੇ ਪਾਸੇ ਟਰੱਕ ਯੂਨੀਅਨਾਂ ਵੱਲੋਂ ਮਜਬੂਰੀ ਦੱਸ ਕੇ ਘੱਟ ਵਾਹਨ ਭੇਜਣ ਦੀ ਸਫ਼ਾਈ ਦਿੱਤੀ ਜਾ ਰਹੀ ਹੈ। ਝੋਨਾ ਵੇਚਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਢੋਆ ਢੁਆਈ ਦੇ ਕੰਮ ਵਿੱਚ ਤੇਜ਼ੀ ਨਾ ਲਿਆਂਦੀ ਗਈ ਤਾਂ ਉਹ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਮਜਬੂਰੀ ਵੱਸ ਸੰਘਰਸ਼ ਸ਼ੁਰੂ ਕਰਨਗੇ।