ਸੀ. ਮਾਰਕੰਡਾ
ਤਪਾ ਮੰਡੀ, 23 ਜੂਨ
ਕਰੋਨਾਵਾਇਰਸ ’ਤੇ ਚਲਦਿਆਂ ਭਾਵੇਂ ਪਰਵਾਸੀ ਮਜ਼ਦੂਰਾਂ ਦੀ ਤੋਟ ਹੈ ਫਿਰ ਵੀ ਝੋਨੇ ਦੀ ਲਵਾਈ ਦੇਸੀ ਮਜ਼ਦੁੂਰਾਂ ਦੇ ਸਿਰ ’ਤੇ ਹੀ ਸਿਰੇ ਲਾਈ ਜਾ ਰਹੀ ਹੈ। ਪਿੰਡ ਢਿੱਲਵਾਂ ਦੇ ਖੇਤੀ ਮਾਹਿਰ ਦਲੀਪ ਸਿੰਘ ਦੀਪਾ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਨੂੰ ਵੀ ਕਿਸਾਨ ਤਰਜੀਹ ਦੇ ਰਹੇ ਹਨ ਪਰ ਜ਼ਿਆਦਾਤਰ ਕਿਸਾਨ ਹੱਥੀਂ ਝੋਨਾ ਲਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਐਂਤਕੀਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਮਹਿੰਗੀ ਪੈ ਰਹੀ ਹੈ। ਇਸ ਦੀ ਬਿਜਾਈ ਦਾ ਸਿਖਰ ਲੰਘਦਾ ਜਾ ਰਿਹਾ ਹੈ। ਕਿਸਾਨਾਂ ਨੇ ਤਕਰੀਬਨ 70-75 ਪ੍ਰਤੀਸ਼ਤ ਕੰਮ ਨਬਿੇੜ ਲਿਆ ਹੈ। ਪਿੰਡਾਂ ਦੀ ਲੇਬਰ ਆਪੋ ਆਪਣੇ ਪਿੰਡਾਂ ’ਚ ਕੰਮਾਂਕਾਰਾਂ ’ਚ ਰੁੱਝੀ ਹੋਣ ਕਾਰਨ ਕਿਸਾਨਾਂ ਨੂੰ ਮਜ਼ਦੂਰ ਭਾਲੇ ਨਹੀਂ ਸੀ ਥਿਆਉਂਦੇ। ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਬਿਜਾਈ ਮਹਿੰਗੀ ਪੈ ਰਹੀ ਹੈ। ਲਵਾਈ ਦਾ ਰੇਟ 3500 ਤੋਂ 4000 ਰੁਪਏ ਪ੍ਰਤੀ ਕਿੱਲਾ ਬੰਨ੍ਹਿਆ ਹੋਇਆ ਹੈ ਅਤੇ ਦੋ ਵੇਲੇ ਦੀ ਚਾਹ ਵੀ ਦੇਣੀ ਪੈਂਦੀ ਹੈ। ਪਰਵਾਸੀ ਮਜ਼ਦੁੂਰ ਦਿਨ ਰਾਤ ਖੇਤਾਂ ’ਚ ਹੀ ਰਿਹਾ ਕਰਦੇ ਸਨ ਪਰ ਦੇਸੀ ਮਜ਼ਦੂਰ ਟ੍ਰੈਕਟਰਾਂ ਅਤੇ ਪੀਟਰ ਰੇਹੜਿਆਂ ’ਤੇ ਸਵੇਰੇ ਅਤੇ ਆਥਣੇ ਘਰੋਂ ਲਿਜਾਣੇ ਤੇ ਛੱਡਣੇ ਪੈਂਦੇ ਹਨ ਜੋ ਤੇਲ ਦੇ ਖ਼ਰਚੇ ਦਾ ਵਾਧੂ ਖਰਚ ਹੈ। ਉਨ੍ਹਾਂ ਦੱਸਿਆ ਕਿ ਲੈ ਦੇ ਕੇ 1500 ਰੁਪਏ ਪ੍ਰਤੀ ਏਕੜ ਦਾ ਕਿਸਾਨ ’ਤੇ ਭਾਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਹਿਲਾਂ ਕਦੀ ਝੋਨੇ ਦੀ ਬਿਜਾਈ ਨੂੰ ਹੱਥ ਨਹੀਂ ਸੀ ਲਾਇਆ, ਮਜ਼ਦੂਰੀ ਵਧਣ ਕਾਰਨ ਉਹ ਮਜ਼ਦੂਰ ਅਤੇ ਪਾੜ੍ਹੇ ਵੀ ਹੁਣ ਖੇਤਾਂ ’ਚ ਕੰਮ ਕਰਦੇ ਨਜ਼ਰ ਆਉਂਦੇ ਹਨ। ਸ੍ਰੀ ਦੀਪਾ ਨੇ ਕਿਹਾ ਕਿ ਕਿਸਾਨੀ ਦਾ ਇਹੀ ਕਿੱਤਾ ਹੋਣ ਕਾਰਨ ਉਹ ਔਖੇ ਸੌਖੇ ਝੋਨਾ ਤਾਂ ਪਾਲ ਲੈਣਗੇ ਪਰ ਉਨ੍ਹਾਂ ਨੂੰ ਲਾਗਤ ਦਾ ਮੁੱਲ ਨਹੀਂ ਮਿਲਣਾ। ਕਿਸਾਨ ਆਗੂ ਨੇ ਮੰਗ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰ ਝੋਨੇ ਦੀ ਖ਼ਰੀਦ ਸਮੇਂ ਕਿਸਾਨਾਂ ਨੂੰ ਬੋਨਸ ਦੇਵੇ।