ਜੋਗਿੰਦਰ ਸਿੰਘ ਮਾਨ
ਮਾਨਸਾ, 17 ਜੂਨ
ਮਾਲਵਾ ਪੱਟੀ ਵਿਚ ਝੋਨੇ ਦੀ ਲੁਆਈ ਦੇ ਪਹਿਲੇ ਦਿਨ ਭਾਵੇ ਕਿਸਾਨਾਂ ਨੂੰ ਅੱਜ ਪਨੀਰੀ ਲਾਉਣ ਦੀ ਠਾਠ ਆ ਗਈ, ਪਰ ਬਿਜਲੀ ਸਪਲਾਈ ਦਾ ਤੇਜ਼ ਹਨ੍ਹੇਰੀਆਂ ਅਤੇ ਝੱਖੜ ਨੇ ਬੁਰਾ ਹਾਲ ਕਰ ਦਿੱਤਾ। ਰਾਤ ਪਏ ਮੀਂਹ ਸਦਕਾ ਦਿਨ ਚੜ੍ਹਦਿਆਂ ਹੀ ਕਿਸਾਨਾਂ ਨੇ ਖੇਤਾਂ ਵਿੱਚ ਝੋਨਾ ਲਾਉਣ ਆਰੰਭ ਕਰ ਦਿੱਤਾ। ਬੇਸ਼ੱਕ ਝੱਖੜ ਕਾਰਨ ਖੇਤੀ ਮੋਟਰਾਂ ਦੀ ਬਿਜਲੀ ਬਹੁਤੇ ਥਾਵਾਂ ’ਤੇ ਪ੍ਰਭਾਵਿਤ ਰਹੀ। ਬਾਕੀ ਇਲਾਕਿਆਂ ਵਿੱਚ ਕਿਸਾਨਾਂ ਨੂੰ ਪੂਰਾ ਸਮਾਂ ਬਿਜਲੀ ਸਪਲਾਈ ਮਿਲੀ ਰਹੀ ਹੈ।
ਜ਼ਿਕਰਯੋਗ ਹੈ ਕਿ ਪਾਵਰਕੌਮ ਵੱਲੋਂ ਕਿਸਾਨਾਂ ਨੂੰ ਲੰਘੀ ਅੱਧੀ ਰਾਤ ਤੋਂ ਹੀ ਅੱਠ ਘੰਟੇ ਲਗਾਤਾਰ ਬਿਜਲੀ ਦੇਣੀ ਆਰੰਭ ਕੀਤੀ ਹੋਈ ਹੈ, ਪਰ ਅੱਧੀ ਰਾਤ ਤੋਂ ਬਾਅਦ ਆਏ ਤੇਜ਼ ਝੱਖੜ ਅਤੇ ਤੇਜ਼ ਹਨੇਰ ਨੇ ਤਾਰਾਂ ਤੋੜ ਦਿੱਤੀਆਂ। ਇਸ ਕਾਰਨ ਅਨੇਕਾਂ ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਇਸ ਨੂੰ ਠੀਕ ਕਰਨ ਸਾਰਾ ਦਿਨ ਬਿਜਲੀ ਕਾਮਿਆਂ ਦੁਰਸਤ ਕਰਦੇ ਰਹੇ। ਉਧਰ, ਭਾਵੇਂ ਪੰਜਾਬ ਸਰਕਾਰ ਵੱਲੋਂ ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਕਿਸਾਨਾਂ ਨੇ ਬਹੁਤੀ ਦਿਲਚਸਪੀ ਨਹੀਂ ਦਿਖਾਈ ਹੈ। ਮਾਲਵਾ ਖੇਤਰ ਵਿੱਚ ਇਸ ਵਾਰ ਵੀ ਪਰਵਾਸੀ ਮਜ਼ਦੂਰਾਂ ਅਤੇ ਸਥਾਨਕ ਮਜ਼ਦੂਰਾਂ ਵੱਲੋਂ ਹੀ ਵੱਡੇ ਰਕਬੇ ਹੇਠ ਝੋਨੇ ਦੀ ਲਵਾਈ ਦੀ ਤਿਆਰੀ ਖਿੱਚੀ ਹੋਈ ਹੈ।
ਇਸੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਿਸਾਨਾਂ ਨੇ ਅੱਜ ਪਹਿਲੇ ਦਿਨ ਪੰਜਾਬੀ ਲੇਬਰ ਨਾਲ ਝੋਨਾ ਲਾਇਆ ਹੈ। ਪਰਵਾਸੀ ਮਜ਼ਦੂਰ ਝੋਨਾ ਲਾਉਣ ਲਈ ਟਾਂਵੇ-ਟਾਂਵੇ ਖੇਤਾਂ ਵਿਚ ਨਜ਼ਰ ਆਏ। ਇਹ ਵੀ ਵੇਖਿਆ ਗਿਆ ਹੈ ਕਿ ਬਹੁਤੇ ਕਿਸਾਨਾਂ ਨੇ ਅੱਜ ਪਹਿਲੇ ਦਿਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੀ ਪੀਆਰ-126 ਕਿਸਮ ਨੂੰ ਆਪਣੇ ਖੇਤਾਂ ਦਾ ਸਿੰਗਾਰ ਬਣਾਇਆ ਗਿਆ ਹੈ।
ਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਖ਼ਰਾਬ ਹੋਏ ਮੌਸਮ ਕਾਰਨ ਅੱਜ ਝੋਨੇ ਦੀ ਲਵਾਈ ਮਿਥੀ ਤਰੀਕ ਦੇ ਪਹਿਲੇ ਦਿਨ ਕਿਸਾਨਾਂ ਨੂੰ ਪੂਰੀ ਬਿਜਲੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਭਾਵੇਂ ਮੁਲਾਜ਼ਮ ਖ਼ਰਾਬੀ ਨੂੰ ਠੀਕ ਕਰਦੇ ਰਹੇ, ਪਰ ਸ਼ਾਮ ਤੱਕ ਕਈ ਥਾਈਂ ਬਿਜਲੀ ਸਪਲਾਈ ਨਹੀਂ ਮਿਲ ਸਕੀ।
ਇਸੇ ਦੌਰਾਨ ਪਾਵਰਕੌਮ ਦੇ ਅਧਿਕਾਰੀ ਜਸਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਬੇਸ਼ੱਕ ਝੋਨੇ ਦੀ ਲਵਾਈ ਦੇ ਪਹਿਲੇ ਦਿਨ ਕੁੱਝ ਫੀਡਰਾਂ ਵਿੱਚ ਕੁੱਝ ਕੁ ਸਮਾਂ ਬਿਜਲੀ ਸਪਲਾਈ ਪ੍ਰਭਾਵਿਤ ਰਹੀ ਹੈ।
ਹਲਕੇ ਮੀਂਹ ਅਤੇ ਹਨੇਰੀ ਮਗਰੋਂ ਮੌਸਮ ਦਾ ਮਿਜ਼ਾਜ ਬਲਦਿਆ
ਝੁਲਸਾ ਦੇਣ ਵਾਲੀ ਗਰਮੀ ਤੋਂ ਬਾਅਦ ਹੁਣ ਮੌਸਮ ਵਿੱਚ ਨਰਮੀ ਦੇ ਅਸਰ ਨਜ਼ਰ ਆਏ ਹਨ। ਮਾਲਵਾ ਖੇਤਰ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਅੱਜ ਵੱਡੇ ਤੜਕੇ ਤਿੰਨ ਵਜੇ ਹਲਕੇ-ਫੁਲਕੇ ਮੀਂਹ ਤੋਂ ਬਾਅਦ ਚੱਲੀਆਂ ਤੇਜ਼ ਹਵਾਵਾਂ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਤਾਪਮਾਨ ਆਮ ਨਾਲੋਂ 10 ਡਿਗਰੀ ਹੇਠਾਂ ਡਿੱਗ ਗਿਆ ਹੈ। ਮੌਸਮ ਠੀਕ ਹੋਣ ਸਦਕਾ ਅੱਜ ਸੜਕਾਂ ਅਤੇ ਬਾਜ਼ਾਰਾਂ ਵਿੱਚ ਲੋਕਾਂ ਗਿਣਤੀ ਜ਼ਿਆਦਾ ਸੀ। ਅੱਜ ਹਵਾ 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਦੀ ਰਹੀ। ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲੇਟਿਨ ਅਨੁਸਾਰ ਅਗਲੇ ਦੋ-ਤਿੰਨ ਦਿਨ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ। ਰਿਪੋਰਟ ਮੁਤਾਬਕ ਮਾਲਵਾ ਖੇਤਰ ਵਿੱਚ ਗਰਜ-ਚਮਕ/ਤੇਜ਼ ਹਵਾਵਾਂ ਚੱਲਣ ਦੀ ਸੂਚਨਾ ਦਿੱਤੀ ਗਈ ਹੈ। ਇਹ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਚੱਲਣ ਦਾ ਅਨੁਮਾਨ ਹੈ।
ਤੇਜ਼ ਝੱਖੜ ਕਾਰਨ ਸੋਲਰ ਪੈਨਲ ਨੁਕਸਾਨੇ
ਗਿੱਦੜਬਾਹਾ (ਪੱਤਰ ਪ੍ਰੇਰਕ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਲੱਗੇ ਸੋਲਰ ਪੈਨਲਾਂ ਨੂੰ ਰਾਤ ਆਏ ਝੱਖੜ ਕਾਰਨ ਨੁਕਸਾਨ ਪੁੱਜਾ ਹੈ। ਕਿਸਾਨਾਂ ਦੀਆਂ ਮੋਟਰਾਂ ’ਤੇ ਲੱਗੇ ਸਰਕਾਰੀ ਅਤੇ ਪ੍ਰਾਈਵੇਟ ਸੋਲਰ ਪੈਨਲ ਦੇ ਨੁਕਸਾਨੇ ਜਾਣ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਕਿਸਾਨ ਨੁਕਸਾਨੇ ਸੋਲਰ ਪੈਨਲਾਂ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਜਗਸੀਰ ਸਮੱਧਰ ਨੇ ਦੱਸਿਆ ਕਿ ਪਿੰਡ ਪਿਓਰੀ ਵਿੱਚ ਉਨ੍ਹਾਂ ਦੀ ਮੋਟਰ ’ਤੇ ਲੱਗਿਆ ਸੀਆਰਆਈ ਕੰਪਨੀ ਦਾ ਸੋਲਰ ਪੈਨਲ ਝੱਖੜ ਕਾਰਨ ਨੁਕਸਾਨਿਆ ਗਿਆ ਹੈ। ਉਨ੍ਹਾਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਝੱਖੜ ਕਾਰਨ ਬਿਜਲੀ ਦੇ ਖੰਭੇ ਅਤੇ ਦਰੱਖਤ ਡਿੱਗੇ
ਸੰਗਤ ਮੰਡੀ (ਪੱਤਰ ਪ੍ਰੇਰਕ): ਇਲਾਕੇ ਵਿੱਚ ਬੀਤੀ ਰਾਤ ਆਈ ਹਨੇਰੀ ਅਤੇ ਝੱਖੜ ਕਾਰਨ ਬੀੜ ਤਲਾਬ ਚਿੜੀਆ ਘਰ ਨੇੜਲੇ ਵੱਡੇ ਦਰੱਖਤ ਬਠਿੰਡਾ ਰੋਡ ਉੱਪਰ ਡਿੱਗ ਗਏ। ਬਿਜਲੀ ਦੇ ਖੰਭੇ ਟੁੱਟਣ ਕਾਰਨ ਬਠਿੰਡਾ ਦਿਹਾਤੀ ਦੇ ਆਸੇ-ਪਾਸੇ ਦੇ ਕਈ ਪਿੰਡਾਂ ਵਿੱਚ ਕਈ ਘੰਟੇ ਘਰੇਲੂ ਅਤੇ ਖੇਤੀ ਮੋਟਰਾਂ ਵਾਲੀ ਬਿਜਲੀ ਬੰਦ ਰਹੀ। ਇਸ ਕਾਰਨ ਝੋਨੇ ਦੀ ਲਵਾਈ ਵੀ ਪ੍ਰਭਾਵਿਤ ਹੋਈ ਹੈ।