ਲਖਵੀਰ ਸਿੰਘ ਚੀਮਾ
ਟੱਲੇਵਾਲ, 14 ਜੂਨ
ਪੰਜਾਬ ਵਿੱਚ ਝੋਨੇ ਦੀ ਬਿਜਾਈ ਭਾਵੇਂ ਸਰਕਾਰੀ ਹਦਾਇਤਾਂ ਅਨੁਸਾਰ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ, ਪਰ ਸੁੱਕੇ ਰਜਵਾਹੇ ਅੱਜ ਵੀ ਪਾਣੀ ਦੀ ਉਡੀਕ ਕਰ ਰਹੇ ਹਨ ਜਿਸ ਕਾਰਨ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਇਸ ਵੇਲੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੇ ਸੰਕਟ ਨਾਲ ਜੂਝ ਰਿਹਾ ਹੈ। ਜ਼ਿਲ੍ਹੇ ਦੇ ਤਿੰਨਾਂ ਵਿੱਚੋਂ ਦੋ ਬਲਾਕ ਬਰਨਾਲਾ ਅਤੇ ਮਹਿਲ ਕਲਾਂ ਪਾਣੀ ਨੂੰ ਲੈ ਕੇ ਡਾਰਕ ਜ਼ੋਨ ਵਿੱਚ ਹਨ, ਪਰ ਇਸਦੇ ਬਾਵਜੂਦ ਸਰਕਾਰ ਅਤੇ ਨਹਿਰੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਦਰਸ਼ਨ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਪੰਜ ਰੋਜ਼ਾ ‘ਪਾਣੀ ਬਚਾਓ ਖੇਤੀ ਬਚਾਓ’ ਮੁਹਿੰਮ ਵੀ ਚਲਾਈ ਗਈ ਸੀ। ਪੰਜਾਬ ਦੇ ਧਰਤੀ ਹੇਠਲੇ ਪਾਣੀ ਅਤੇ ਨਹਿਰੀ ਪਾਣੀ ਦੀ ਲੁੱਟ ਸ਼ਰ੍ਹੇਆਮ ਕਾਰਪੋਰੇਟ ਘਰਾਣਿਆਂ ਨੂੰ ਕਰਨ ਦੀ ਖੁੱਲ੍ਹ ਦਿੱਤੀ ਜਾਂਦੀ ਰਹੀ ਹੈ। ਪਾਣੀ ਦੇ ਡਿੱਗ ਰਹੇ ਪੱਧਰ ਲਈ ਕਿਸਾਨਾਂ ਨੂੰ ਸਰਕਾਰਾਂ ਜ਼ਿੰਮੇਵਾਰ ਠਹਿਰਾਉਂਦੀਆਂ ਰਹੀਆਂ ਹਨ, ਜਦਕਿ ਇਸ ਲਈ ਨਾਲਾਇਕੀ ਸਰਕਾਰਾਂ ਦੀ ਹੈ। ਕਿਸਾਨ ਨਹਿਰੀ ਪਾਣੀ ਦੀ ਮੰਗ ਕਰਦੇ ਹਨ, ਪਰ ਅਜੇ ਤੱਕ ਨਾ ਨਹਿਰਾਂ ਵਿੱਚ ਪਾਣੀ ਹੈ ਤੇ ਨਾ ਰਜਵਾਹਿਆਂ ਵਿੱਚ। ‘ਆਪ’ ਸਰਕਾਰ ਵੀ ਇਸ ਮੁੱਦੇ ਵੱਲ ਧਿਆਨ ਨਹੀਂ ਦੇ ਰਹੀ। ਖੇਤਾਂ ਵਿੱਚ ਨਹਿਰੀ ਖਾਲ ਟੁੱਟੇ ਪਏ ਹਨ, ਪਰ ਪਿਛਲੇ ਕਈ ਸਾਲਾਂ ਤੋਂ ਨਾ ਤਾਂ ਨਵੇਂ ਖਾਲ ਬਣੇ ਅਤੇ ਨਾ ਹੀ ਪੁਰਾਣੇ ਖਾਲਾਂ ਦੀ ਮੁਰੰਮਤ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਕਰਕੇ ਸਰਕਾਰ ਤੇ ਨਹਿਰੀ ਵਿਭਾਗ ਅੱਖਾਂ ਖੋਲ੍ਹੇ ਅਤੇ ਜਲਦ ਤੋਂ ਜਲਦ ਸੂਇਆਂ ਵਿੱਚ ਪਾਣੀ ਛੱਡਿਆ ਜਾਵੇ।