ਪੱਤਰ ਪ੍ਰੇਰਕ
ਭੁੱਚੋ ਮੰਡੀ, 26 ਅਕਤੂਬਰ
ਮਾਰਕੀਟ ਕਮੇਟੀ ਭੁੱਚੋ ਮੰਡੀ ਅਧੀਨ ਆਉਂਦੇ ਖਰੀਦ ਕੇਂਦਰਾਂ ’ਤੇ ਚੁਕਾਈ ਦਾ ਕੰਮ ਸੁਸਤ ਹੋਣ ਕਾਰਨ 54 ਫੀਸਦੀ ਝੋਨਾ ਮੰਡੀਆਂ ਵਿੱਚ ਪਿਆ ਹੈ। ਮਾਰਕੀਟ ਕਮੇਟੀ ਦੀ ਤਾਜ਼ਾ ਰਿਪੋਰਟ ਅਨੁਸਾਰ 25 ਅਕਤੂਬਰ ਦੀ ਸ਼ਾਮ ਤੱਕ ਮੰਡੀਆਂ ਵਿੱਚ 14020 ਟਨ ਝੋਨੇ ਦੀ ਆਮਦ ਹੋਈ ਹੈ। ਵੱਖ ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦੇ ਗਏ 12575 ਟਨ ਝੋਨੇ ਦਾ ਸਿਰਫ 46 ਫੀਸਦੀ ਹਿੱਸਾ ਹੀ ਚੁੱਕਿਆ ਗਿਆ ਹੈ। ਲਹਿਰਾ ਮੁਹੱਬਤ ਵਿੱਚ 81 ਫੀਸਦੀ, ਭੁੱਚੋ ਮੰਡੀ ਦੀ ਨਵੀਂ ਅਤੇ ਪੁਰਾਣੀ ਮੰਡੀ ਵਿੱਚ 62 ਫੀਸਦੀ ਝੋਨਾ ਚੁਕਾਈ ਖੁਣੋਂ ਪਿਆ ਹੈ। ਹੋਰਨਾਂ ਮੰਡੀਆਂ ਵਿੱਚ ਵੀ ਚੁਕਾਈ ਦਾ ਕੰਮ ਧੀਮੀ ਚਾਲ ਚੱਲ ਰਿਹਾ ਹੈ। ਚੱਕ ਬਖਤੂ ਅਤੇ ਲਹਿਰਾ ਬੇਗਾ ਵਿੱਚ ਖਰੀਦ ਏਜੰਸੀ ਪਨਸਪ ਦਾ ਬਾਰਦਾਨਾ ਨਹੀਂ ਹੈ। ਕਈ ਮੰਡੀਆਂ ਵਿੱਚ ਹਾਲੇ ਸਾਰੇ ਝੋਨੇ ਦੀ ਖਰੀਦ ਵੀ ਨਹੀਂ ਹੋਈ।
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਗਰਗ ਨੇ ਕਿਹਾ ਕਿ ਹਾਲੇ ਤਾਂ ਝੋਨੇ ਦੀ ਆਮਦ ਸ਼ੁਰੂ ਹੀ ਹੋਈ ਹੈ ਅਤੇ ਚੁਕਾਈ ਦਾ ਬੁਰਾ ਹਾਲ ਹੈ। ਜਦੋਂ ਇੱਕ ਹਫ਼ਤੇ ਨੂੰ ਝੋਨੇ ਦੀ ਆਮਦ ਜ਼ੋਰ ਫੜ ਗਈ, ਤਾਂ ਮੰਡੀਆਂ ਵਿੱਚ ਝੋਨਾ ਲਾਹੁਣ ਲਈ ਥਾਂ ਨਹੀਂ ਮਿਲਣੀ। ਆੜ੍ਹਤੀਆਂ ਅਤੇ ਕਿਸਾਨਾਂ ਲਈ ਸਮੱਸਿਆ ਪੈਦਾ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਚੁਕਾਈ ਲਈ ਲਗਾਏ ਗਏ ਟਰੱਕ ਅਤੇ ਟਰਾਲੀਆਂ ਇੱਕ ਖਾਨਾਪੂਰਤੀ ਹੈ। ਇਨ੍ਹਾਂ ਸਾਧਨਾਂ ਨਾਲ ਝੋਨੇ ਦੀ ਆਮਦ ਵਧਣ ਮੌਕੇ ਚੁਕਾਈ ਨਹੀਂ ਕੀਤੀ ਜਾ ਸਕਦੀ। ਮੰਡੀਆਂ ਦਾ ਬੁਰਾ ਹਾਲ ਹੋ ਜਾਵੇਗਾ। ਭੁੱਚੋ ਮੰਡੀ ਦੀ ਨਵੀਂ ਅਨਾਜ ਮੰਡੀ ਦਾ ਹੁਣੇ ਹੀ ਬੁਰਾ ਹਾਲ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਚੁਕਾਈ ਦੇ ਕੰਮ ਨੂੰ ਸੂਚਾਰੂ ਬਣਾਏ। ਠੇਕੇਦਾਰ ਵਿਧੀ ਸਿੰਘ ਯੂਕੇ ਨੇ ਕਿਹਾ ਕਿ ਚੁਕਾਈ ਦਾ ਕੰਮ ਵਧੀਆ ਢੰਗ ਨਾਲ ਚੱਲ ਰਿਹਾ ਹੈ। ਇਸ ਕੰਮ ਲਈ 150 ਟਰੱਕ ਅਤੇ ਕਰੀਬ 100 ਟਰਾਲੀਆਂ ਲਗਾਈਆਂ ਹੋਈਆਂ ਹਨ। ਚੁਕਾਈ ਦੇ ਕੰਮ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਠੇਕੇਦਾਰ ਤੋਂ ਮੰਡੀਆਂ ਵਿੱਚ 54 ਫੀਸਦੀ ਝੋਨੇ ਦੇ ਪਏ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਖਰੀਦ ਤੋਂ ਬਾਅਦ ਝੋਨੇ ਦੀ ਗੱਟਿਆਂ ਵਿੱਚ ਭਰਾਈ ਵਿੱਚ ਵੀ ਤਿੰਨ ਦਿਨ ਦਾ ਸਮਾਂ ਲੱਗ ਜਾਂਦਾ ਹੈ, ਜਿਸ ਕਾਰਨ ਚੁਕਾਈ ਵਿੱਚ ਦੇਰੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ 8 ਦਸੰਬਰ ਨੂੰ ਆਖਰੀ ਗੇਟ ਪਾਸ ਕੱਟਿਆ ਸੀ। ਇਸ ਵਾਰ ਅਸੀਂ 29 ਨਵੰਬਰ ਨੂੰ ਹੀ ਆਖਰੀ ਗੇਟ ਪਾਸ ਦੇ ਦੇਵਾਂਗੇ।