ਜੋਗਿੰਦਰ ਸਿੰਘ ਮਾਨ
ਮਾਨਸਾ, 1 ਅਕਤੂਬਰ
ਬੇਸ਼ੱਕ ਸਰਕਾਰੀ ਤੌਰ ’ਤੇ ਪੰਜਾਬ ਵਿਚ ਅੱਜ ਤੋਂ ਝੋਨੇ ਦੀ ਬਾਕਾਇਦਾ ਰੂਪ ਵਿੱਚ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ, ਪਰ ਮਾਨਸਾ ਦੀਆਂ ਅਨਾਜ ਮੰਡੀਆਂ ਵਿਚ ਮੰਡੀ ਬੋਰਡ ਦੇ ਰਿਕਾਰਡ ਅਨੁਸਾਰ ਕਿਤੇ ਵੀ ਸਾਉਣੀ ਦੀ ਇਸ ਮੁੱਖ ਫ਼ਸਲ ਦਾ ਇੱਕ ਵੀ ਦਾਣਾ ਵਿਕਣ ਲਈ ਨਹੀਂ ਆਇਆ। ਪਿਛਲੇ ਹਫਤੇ ਪਈਆਂ ਬਾਰਸ਼ਾਂ ਕਾਰਨ ਝੋਨੇ ਦੀ ਵਾਢੀ ਦਾ ਕਾਰਜ ਲੇਟ ਹੋਣ ਲੱਗਿਆ ਹੈ। ਇਸ ਵਾਰ ਬਦਲੇ ਹੋਈ ਸਿਆਸੀ ਫਿਜ਼ਾ ਕਾਰਨ ਭਗਵੰਤ ਮਾਨ ਦੀ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਸਰਕਾਰ ਵੱਲੋ 1500 ਰੁਪਏ ਦੇਣ ਦੇ ਐਲਾਨ ਕਾਰਨ ਮਾਲਵਾ ਖੇਤਰ ਦੇ ਬਹੁਤ ਸਾਰੇ ਕਿਸਾਨਾਂ ਨੇ ਸਿੱਧਾ ਝੋਨਾ ਵੀ ਵੱਡੇ ਰਕਬੇ ਵਿਚ ਲਾਇਆ ਹੋਇਆ ਹੈ।
ਉਧਰ ਡੀਸੀ ਬਲਦੀਪ ਕੌਰ ਦਾ ਕਹਿਣਾ ਹੈ ਕਿ ਮੰਡੀਆਂ ਵਿਚ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮਾਨਸਾ ਦੇ ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਸੱਤਪਾਲ ਸਿੰਘ ਰਾਏਕੋਟੀ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿਚ ਇਸ ਵਾਰ ਲਗਪਗ 126 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਕੀਤੀ ਗਈ ਹੈ, ਜਿਸ ਤੋਂ ਤਕਰੀਬਨ ਪੌਣੇ ਅੱਠ ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਝੋਨੇ ਦੀ ਫਸਲ ਪੱਕ ਕੇ ਬਿਲਕੁਲ ਤਿਆਰ ਖੜ੍ਹੀ ਹੈ ਅਤੇ ਹਫਤੇ ਤੱਕ ਇਸ ਦੀ ਵਾਢੀ ਦਾ ਕਾਰਜ ਬਾਕਾਇਦਾ ਰੂਪ ’ਚ ਸ਼ੁਰੂ ਹੋ ਜਾਵੇਗਾ। ਜ਼ਿਲ੍ਹਾ ਮੰਡੀ ਅਫਸਰ ਨੇ ਕਿਹਾ ਕਿ ਝੋਨੇ ਦੀ ਆਮਦ ਨੂੰ ਮੱਦੇਨਜ਼ਰ ਰੱਖਦੇ ਹੋਏ ਬਾਰਦਾਨੇ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਮੰਡੀਆਂ ’ਚ ਫੀਲਡ ਸਟਾਫ਼ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੇਬਰ ਅਤੇ ਢੋਆ ਢੁਆਈ ਦੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਅਤੇ ਅਦਾਇਗੀ ਦਾ ਕੰਮ ਪਿਛਲੇ ਵਰ੍ਹੇ ਵਾਂਗ ਆਨਲਾਈਨ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਆਮ ਵਰਾਇਟੀ ਝੋਨੇ ਦੀ ਕੀਮਤ 2040 ਰੁਪਏ ਪ੍ਰਤੀ ਕੁਇੰਟਲ ਅਤੇ ਗ੍ਰੇਡ ਏ ਝੋਨੇ ਦੀ ਕੀਮਤ 2060 ਰੁਪਏ ਪ੍ਰਤੀ ਕੁਇੰਟਲ ਨਿਸ਼ਚਿਤ ਕੀਤੀ ਗਈ ਹੈ।
ਦੂਜੇ ਪਾਸੇ ਮਾਨਸਾ ਜ਼ਿਲ੍ਹੇ ਦੀਆਂ ਕਈ ਵੱਡੀਆਂ ਮੰਡੀਆਂ ਵਿਚ ਅੱਜ ਮਜ਼ਦੂਰ ਵੀ ਝੋਨੇ ਦੀ ਉਡੀਕ ਕਰਦੇ ਦੇਖੇ ਗਏ, ਪਰ ਸ਼ਾਮ ਤੱਕ ਮੰਡੀਆਂ ਵਿਚ ਝੋਨਾ ਨਾ ਆਉਣ ਕਾਰਨ ਉਹ ਵਿਹਲੇ ਹੀ ਵਾਪਸ ਆਪਣੇ ਘਰਾਂ ਨੂੰ ਪਰਤ ਗਏ।
ਬਠਿੰਡਾ (ਮਨੋਜ ਸ਼ਰਮਾ): ਜ਼ਿਲ੍ਹਾ ਬਠਿੰਡਾ ਵਿੱਚ ਪਹਿਲੇ ਦਿਨ ਜਿਣਸ ਕੇਂਦਰਾਂ ਵਿੱਚ ਝੋਨੇ ਦੀ ਆਮਦ ਨਹੀਂ ਹੋਈ। ਜ਼ਿਲ੍ਹਾ ਮੰਡੀ ਅਫਸਰ ਰਜਨੀਸ਼ ਕੁਮਾਰ ਨੇ ਦੱਸਿਆ ਹੈ ਕਿ ਜ਼ਿਲ੍ਹੇ ਦੀਆਂ ਮਾਰਕੀਟ ਕਮੇਟੀਆਂ ਅਧੀਨ 182 ਪਰਮਾਨੈਂਟ ਜਿਣਸ ਕੇਂਦਰ ਬਣਾਏ ਗਏ ਹਨ ਜਦੋਂਕਿ 42 ਜਿਣਸ ਕੇਂਦਰ ਆਰਜ਼ੀ ਤੌਰ ’ਤੇ ਬਣਾਏ ਗਏ ਹਨ । ਉਨ੍ਹਾਂ ਸਮੁੱਚੇ ਖ਼ਰੀਦ ਪ੍ਰਬੰਧਾਂ ਸਫ਼ਾਈ ਤੋਂ ਲੈ ਕੇ ਲਾਈਟਿੰਗ ਮੁਕੰਮਲ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੰਡੀਆਂ ਵਿੱਚ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਮੰਡੀਕਰਨ ਬੋਰਡ ਅਨੁਸਾਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪਨਸਪ ਮਾਰਕਫੈੱਡ ਵੇਅਰਹਾਊਸ ਪਨਗਰੇਨ ਤੋਂ ਇਲਾਵਾ ਸਰਕਾਰੀ ਖਰੀਦ ਏਜੰਸੀ ਐੱਫਸੀਆਈ ਵੱਲੋਂ ਝੋਨੇ ਦੀ ਖਰੀਦ ਕੀਤੀ ਜਾਵੇਗੀ। ਜ਼ਿਲ੍ਹਾ ਮੰਡੀ ਬੋਰਡ ਦੇ ਗ੍ਰੇਡਿੰਗ ਅਫਸਰ ਦਾਰਾ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕਿਤੇ ਵੀ ਝੋਨੇ ਦੀ ਆਮਦ ਨਹੀਂ। ਉਨ੍ਹਾਂ ਕਿਹਾ ਹਾਲੇ ਮੰਡੀਆਂ ਵਿੱਚ ਝੋਨਾ 5 ਅਕਤੂਬਰ ਤੋਂ ਬਾਅਦ ਆਉਣ ਦੀ ਸੰਭਾਵਨਾ ਹੈ।
ਝੋਨੇ ਦੀ ਖਰੀਦ ਦੇ ਨਾਲ ਮੰਡੀਆਂ ਦੀ ਸਫ਼ਾਈ ਸ਼ੁਰੂ
ਮਲੋਟ (ਲਖਵਿੰਦਰ ਸਿੰਘ): ਇੱਥੇ ਅੱਜ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਮੌਕੇ, ਉਹ ਕਹਾਵਤ ਠੀਕ ਢੁਕਦੀ ਨਜ਼ਰ ਆਈ ਕਿ ‘ਬੂਹੇ ਆਈ ਜੰਞ, ਵਿੰਨੋ ਕੁੜੀ ਦੇ ਕੰਨ’, ਕਿਉਂਕਿ ਮੰਡੀ ਵਿੱਚ ਪੜਤਾਲ ਦੌਰਾਨ ਕਾਫੀ ਊਨਤਾਈਆਂ, ਉਹ ਸਾਹਮਣੇ ਆਈਆਂ, ਜੋ ਖਰੀਦ ਤੋਂ ਕਈ ਦਿਨ ਪਹਿਲਾਂ ਤੱਕ ਹੀ ਮੁਕੰਮਲ ਹੋ ਜਾਣੀਆਂ ਚਾਹੀਦੀਆਂ ਸਨ। ਅੱਜ ਖਰੀਦ ਸ਼ੁਰੂ ਹੋਈ ਅਤੇ ਅੱਜ ਹੀ ਸਾਫ-ਸਫਾਈ ਸ਼ੁਰੂ ਕਰਵਾਈ ਗਈ। ਇਸ ਤੋਂ ਇਲਾਵਾ ਮੌਕੇ ’ਤੇ ਹਾਜ਼ਰ ਲੇਬਰ ਯੂਨੀਅਨ ਦੇ ਪ੍ਰਧਾਨ ਲਛਮਣ ਦਾਸ ਸਣੇ ਦਰਜਨ ਹੋਰ ਮੰਡੀ ਮਜ਼ਦੂਰਾਂ ਨੇ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਖਰੀਦ ਦੇ ਮੱਦੇਨਜ਼ਰ ਕੀਤੇ ਪ੍ਰਬੰਧ ਨਾ-ਕਾਫੀ ਹਨ। ਉਨ੍ਹਾਂ ਕਿਹਾ ਕਿ ਪਖਾਨੇ ਤੇ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਦੀ ਅਜੇ ਹੋਰ ਲੋੜ ਹੈ ਤੇ ਚੋਰੀਆਂ ਰੋਕਣ ਲਈ ਪੁਖਤਾ ਕਦਮ ਚੁੱਕਣ ਦੀ ਲੋੜ ਹੈ । ਮੰਡੀ ਵਿੱਚ ਮੌਜੂਦ ਕਿਸਾਨ ਜਗਮੀਤ ਸਿੰਘ ਸੰਧੂ, ਦਵਿੰਦਰ ਸਿੰਘ, ਬਲਦੇਵ ਸਿੰਘ ਆਦਿ ਨੇ ਕਿਹਾ ਕਿ ਅਨਾਜ ਮੰਡੀ ਵਿੱਚ ਮੌਜੂਦ ਗੈਰ-ਕਾਨੂੰਨੀ ਕੰਡੇ ਵੀ ਕਿਤੇ ਨਾ ਕਿਤੇ ਚੋਰੀਆਂ ਦਾ ਵੱਡਾ ਕਾਰਨ ਬਣਦੇ ਹਨ, ਜਿਨ੍ਹਾਂ ਨੂੰ ਸਖ਼ਤੀ ਨਾਲ ਬੰਦ ਕਰਵਾਉਣ ਦੀ ਲੋੜ ਹੈ। ਉਧਰ ਇਸ ਮਸਲੇ ਸਬੰਧੀ ਸਕੱਤਰ ਮਾਰਕੀਟ ਕਮੇਟੀ ਅਮਨਦੀਪ ਸਿੰਘ ਕੰਗ ਨੇ ਕਿਹਾ ਕਿ ਖੇਤਰ ਦੀਆਂ 48 ਮੰਡੀਆਂ,ਵਿੱਚ ਲਾਈਟਾਂ, ਪਾਣੀ, ਸਫਾਈ , ਪਖਾਨਿਆਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ, ਜਿੱਥੋਂ ਤੱਕ ਚੋਰੀ ਅਤੇ ਨਾਜਾਇਜ਼ ਕੰਡਿਆਂ ਦਾ ਮਸਲਾ ਹੈ, ਨੂੰ ਸਖ਼ਤੀ ਨਾਲ ਨਿਪਟਿਆ ਜਾਵੇਗਾ। ਕਿਸੇ ਦਾ ਇਕ ਦਾਣਾ ਵੀ ਚੋਰੀ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ 17 ਜਾਂ 18 ਫ਼ੀਸਦ ਨਮੀ ਵਾਲਾ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਮੰਡੀਆਂ ਵਿੱਚ ਪ੍ਰੇਸ਼ਾਨ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਮੀਂਹ ਕਰਕੇ ਕਰੀਬ ਹਫਤਾ ਫਸਲ ਦੇਰੀ ਨਾਲ ਮੰਡੀ ਵਿੱਚ ਆਉਣ ਦੀ ਸੰਭਾਵਨਾ ਹੈ,ਤਦ ਤੱਕ ਰਹਿੰਦੇ ਕੰਮ ਵੀ ਮੁਕੰਮਲ ਕਰ ਲਏ ਜਾਣਗੇ।
ਬਰੇਟਾ ਵਿੱਚ ਵਿਧਾਇਕ ਨੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ
ਬਰੇਟਾ (ਸਤ ਪ੍ਰਕਾਸ਼ ਸਿੰਗਲਾ): ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਪਹਿਲੇ ਦਿਨ ਬਰੇਟਾ ਦੀ ਨਵੀਂ ਅਨਾਜ ਮੰਡੀ ਵਿੱਚ ਖਰੀਦ ਹਲਕਾ ਵਿਧਾਇਕ ਪ੍ਰਿੰ. ਬੁੱਧ ਰਾਮ ਨੇ ਸ਼ੁਰੂ ਕਰਵਾਈ। ਪਨਗੇਰਨ ਵੱਲੋਂ ਪਰਮਲ ਝੋਨਾ ਸਰਕਾਰੀ ਰੇਟ 2060 ਰੁਪਏ ਤੇ ਖਰੀਦ ਕੀਤਾ ਗਿਆ। ਇਸ ਮੌਕੇ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਝੋਨੇ ਦੀ ਸਰਕਾਰੀ ਖਰੀਦ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ ਅਤੇ ਮੰਡੀਆਂ ਵਿੱਚ ਆਏ ਝੋਨੇ ਦਾ ਇੱਕ ਇੱਕ ਦਾਣਾ ਖਰੀਦ ਕੀਤਾ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ, ਕੁਲਦੀਪ ਸਿੰਘ ਬਰਾੜ, ਪਨਗਰੇਨ ਦੇ ਮੈਨੇਜਰ ਵਰਿੰਦਰ ਸਿੰਘ, ਇੰਸਪੈਕਟਰ ਸੰਦੀਪ ਕੁਮਾਰ, ਆਕਸ਼ਨ ਕਾਡਰ ਗੁਰਪ੍ਰੀਤ ਸਿੰਘ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਮੋਹਨ ਗਰਗ ਹਾਜ਼ਰ ਸਨ।
ਿਜਣਸ ਕੇਂਦਰ ਵਿੱਚ ਝੋਨੇ ਦੀ ਹੋਈ ਆਮਦ
ਬਠਿੰਡਾ: ਜ਼ਿਲ੍ਹੇ ਦੀ ਮਾਰਕੀਟ ਕਮੇਟੀ ਗੋਨਿਆਣਾ ਅੰਦਰ ਪੈਂਦੇ ਕੋਠੇ ਨੱਥਾ ਸਿੰਘ ਦੇ ਜਿਣਸ ਕੇਂਦਰ ਵਿੱਚ ਕੋਠੇ ਇੰਦਰ ਸਿੰਘ ਵਾਲਾ ਦੇ ਕਿਸਾਨ ਹਰਮੇਲ ਸਿੰਘ ਪੁੱਤਰ ਲਾਭ ਸਿੰਘ ਨੇ ਸ਼ੁੱਕਰਵਾਰ ਨੂੰ 250 ਕੁਇੰਟਲ ਦੇ ਕਰੀਬ ਝੋਨੇ ਦੀ ਫਸਲ ਸੁੱਟੀ ਹੋਣ ਬਾਰੇ ਦੱਸਿਆ। ਉਹ ਅੱਜ ਸਾਰਾ ਦਿਨ ਖਰੀਦ ਦੇ ਪਹਿਲੇ ਦਿਨ ਬੋਲੀ ਦੀ ਉਡੀਕ ਕਰਦਾ ਰਿਹਾ ।
ਐੱਫਸੀਆਈ ਕਰੇਗੀ ਜ਼ਿਲ੍ਹੇ ਦੇ 7 ਜਿਣਸ ਕੇਂਦਰਾਂ ਵਿੱਚ ਖਰੀਦ
ਬਠਿੰਡਾ: ਕੇਂਦਰ ਸਰਕਾਰੀ ਦੀ ਸਰਕਾਰੀ ਖਰੀਦ ਏਜੰਸੀ ਐੱਫਸੀਆਈ ਜ਼ਿਲ੍ਹੇ ਦੇ ਸੱਤ ਖ਼ਰੀਦ ਕੇਂਦਰਾਂ ਵਿਚ ਖਰੀਦ ਕਰੇਗੀ ਜਿਨ੍ਹਾਂ ਵਿੱਚ ਕਲਾਲਵਾਲਾ , ਸਰਦਾਰਗੜ੍ਹ ,ਵਿਰਕ ਕਲਾਂ ਬੱਲੂਆਣਾ ,ਰਾਏਕੇ ਕਲਾਂ ਭਾਗੂ ਅਤੇ ਕਾਲ ਝਰਾਣੀ ਸ਼ਾਮਲ ਹਨ ।