ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 26 ਜੂਨ
ਆਮ ਆਦਮੀ ਨੂੰ ਸੁਫ਼ਨਿਆਂ ਦਾ ਜਾਲ ਬੁੰਨ੍ਹ ਕੇ ਲੱਖਪਤੀ ਬਣਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਧੋਖਾਧੜੀ ਕਰਨ ਵਾਲੀ ਇਕ ਕੰਪਨੀ ਖ਼ਿਲਾਫ਼ ਕੋਟਕਪੂਰਾ ਪੁਲੀਸ ਨੇ ਧੋਖਾਧੜੀ ਦਾ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਸਿੰਘ ਵਾਸੀ ਲੁਧਿਆਣਾ ਦੀ ਪੁਲੀਸ ਭਾਲ ਕਰ ਰਹੀ ਹੈ। ਸਥਾਨਕ ਹੀਰਾ ਸਿੰਘ ਨਗਰ ਦੇ ਵਸਨੀਕ ਦਰਸ਼ਨ ਸਿੰਘ ਪੁੱਤਰ ਬਲਵੰਤ ਸਿੰਘ ਨੇ ਲੰਘੀ 24 ਜੂਨ ਨੂੰ ਜ਼ਿਲ੍ਹਾ ਪੁਲੀਸ ਮੁਖੀ ਫ਼ਰੀਦਕੋਟ ਨੂੰ ਡਾਕ ਰਾਹੀਂ ਸ਼ਿਕਾਇਤ ਭੇਜ ਕੇ ਦੋਸ਼ ਲਾਇਆ ਕਿ ਲੁਧਿਆਣੇ ਦੀ ਹਮਤੁਮ ਮਲਟੀਟਰੇਡ ਕੰਪਨੀ ਵੱਲੋਂ ਉਸ ਨਾਲ 23 ਲੱਖ 53 ਹਜ਼ਾਰ 850 ਰੁਪਏ ਦੀ ਠੱਗੀ ਮਾਰੀ ਹੈ। ਆਪਣੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਕੰਪਨੀ ਦੇ ਡਾਇਰੈਕਟਰ ਵੱਲੋਂ ਉਨ੍ਹਾਂ ਨੂੰ ਭਰੋਸਾ ਦੁਆਇਆ ਸੀ ਕਿ ਜੇ ਉਹ ਉਨ੍ਹਾਂ ਦੀ ਕੰਪਨੀ ਵਿਚ ਪੈਸਾ ਲਗਾਉਂਦੇ ਹਨ ਤਾਂ ਅਗਲੇ ਤਿੰਨ ਮਹੀਨੇ ਦੇ ਅੰਦਰ ਰਕਮ ਦੁੱਗਣੀ ਕਰਕੇ ਮੋੜੀ ਜਾਵੇਗੀ, ਕਿਉਂਕਿ ਇਹ ਟਰੇਡ ਬਿਜ਼ਨੈਸ ਹੈ ਤੇ ਇਸ ਵਿਚ ਮੁਨਾਫ਼ਾ ਜ਼ਿਆਦਾ ਹੈ। ਕੰਪਨੀ ਨੇ ਆਮ ਲੋਕਾਂ ਨੂੰ ਰਾਤੋਂ-ਰਾਤ ਵਿਚ ਅਮੀਰ ਬਨਣ ਦੇ ਸ਼ੇਖ ਚਿਲੀ ਵਾਲੇ ਸੁਪਨੇ ਵਿਖਾਏ ਤੇ ਤਿੰਨ ਮਹੀਨੇ ਮਗਰੋਂ ਪੈਸੇ ਵਾਪਸ ਮੋੜਣ ਤੋਂ ਟਾਲਾ ਵੱਟਦੇ ਰਹੇ ਤੇ ਹੁਣ ਕੰਪਨੀ ਦਾ ਡਾਇਰੈਕਟਰ ਰਾਤੋ ਰਾਤ ਕੰਪਨੀ ਬੰਦ ਕਰਕੇ ਫਰਾਰ ਹੋ ਗਿਆ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਮੁਤਾਬਕ ਮੁਲਜ਼ਮ ਨੂੰ ਜਲਦੀ ਕਾਬੂ ਕੀਤਾ ਜਾਵੇਗਾ।