ਸ਼ਗਨ ਕਟਾਰੀਆ
ਜੈਤੋ, 21 ਜੁਲਾਈ
ਪੀਐੱਸਪੀਸੀਐੱਲ ਐਂਡ ਪੀਐੱਸਟੀਸੀਐੱਲ ਕੰਟਰੈਚੂਅਲ ਵਰਕਰ ਯੂਨੀਅਨ ਦੇ ਵਰਕਰਾਂ ਨੇ ਅੱਜ ਇੱਥੇ ਬਿਜਲੀ ਘਰ ’ਚ ਰੋਸ ਰੈਲੀ ਕੀਤੀ ਅਤੇ ਪਾਵਰਕੌਮ ਦੇ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ। ਪ੍ਰਦਰਸ਼ਨਕਾਰੀਆਂ ਦਾ ਰੋਸ ਹੈ ਕਿ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਉਨ੍ਹਾਂ ਦੀਆਂ ਮੰਗੀਆਂ ਸੂਚੀਆਂ ’ਚ ਆਊਟਸੋਰਸਡ ਕਾਮਿਆਂ ’ਤੇ ਕਾਂਟਾ ਫੇਰਿਆ ਗਿਆ ਹੈ। ਸਰਕਲ ਪ੍ਰਧਾਨ ਇਕਬਾਲ ਸਿੰਘ ਪੂਹਲਾ ਅਤੇ ਸਬ-ਡਿਵੀਜ਼ਨ ਪ੍ਰਧਾਨ ਗਗਨਦੀਪ ਸਿੰਘ ਨੇ ਇਸ ਨੂੰ ਨਾਇਨਸਾਫੀ ਕਰਾਰ ਦਿੰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਜਲੀ ਵਿਭਾਗ ’ਚ ਕੰਮ ਕਰਦੇ ਆਊਟਸੋਰਸਡ ਮੁਲਾਜ਼ਮਾਂ ਨੂੰ ਵੀ ਰੈਗੂਲਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਿਜਲੀ ਮਹਿਕਮੇ ’ਚ 1690 ਸਹਾਇਕ ਲਾਈਨਮੈਨਾਂ ਦੀ ਭਰਤੀ ਹੋ ਰਹੀ ਹੈ, ਜਦ ਕਿ ਵਿਭਾਗ ਅੰਦਰ ਪਹਿਲਾਂ ਤੋਂ ਹੀ ਖਾਲੀ ਅਸਾਮੀਆਂ ’ਤੇ ਆਊਟਸੋਰਸ ਕਾਮੇ ਕੰਮ ਕਰਦੇ ਹਨ। ਉਨ੍ਹਾਂ ਕੋਲ ਸਾਲਾਂ ਬੱਧੀ ਕੰਮ ਦਾ ਤਜਰਬਾ ਹੈ ਅਤੇ ਮੈਟ੍ਰਿਕ, ਆਈਟੀਆਈ ਡਿਪਲੋਮਾ, ਗ੍ਰੈਜੁਏਸ਼ਨ ਅਤੇ ਪੰਜਾਬੀ ਪੱਧਰ ਤੱਕ ਪਾਸ ਦੇ ਸਰਟੀਫਿਕੇਟ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਆਊਟਸੋਰਸਡ ਕਰਮਚਾਰੀਆਂ ਨੂੰ ਪੱਕੇ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।