ਦਲਜੀਤ ਸਿੰਘ ਸੰਧੂ
ਸੰਘਾ, 25 ਦਸੰਬਰ
ਕਚਹਿਰੀਆਂ ਵਿਚ ਚੱਲ ਰਹੇ ਸੇਵਾ ਕੇਂਦਰ ਦੀ ਕਾਰਵਾਈ ਤੋਂ ਖਫ਼ਾ ਬੀਬੀਆਂ ਨੇ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਿੰਡਾਂ ਤੋਂ ਆਈਆਂ ਬੀਬੀਆਂ ਨੇ ਕਿਹਾ ਕਿ ਕਈ ਦਿਨਾਂ ਤੋਂ ਉਹ ਸਵੇਰੇ ਚਾਰ ਵਜੇ ਆ ਕੇ ਕਤਾਰਾਂ ਵਿਚ ਖੜ੍ਹ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਟੋਕਣ ਨਹੀਂ ਮਿਲ ਰਿਹਾ। ਉਨ੍ਹਾਂ ਦੋਸ਼ ਲਾਏ ਕਿ ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਆਪਣੇ ਏਜੰਟਾਂ ਰਾਹੀਂ ਪੈਸੇ ਲੈ ਕੇ ਇਹ ਕੰਮ ਇੱਕ ਦਿਨ ਵਿੱਚ ਹੀ ਕਰ ਦਿੱਤਾ ਜਾਂਦਾ ਹੈ।
ਇਸ ਧਰਨੇ ਦੌਰਾਨ ਬੀਕੇਯੂ ਏਕਤਾ ਉਗਰਾਹਾਂ ਅਤੇ ‘ਆਪ’ ਮੌਕੇ ਉੱਪਰ ਪਹੁੰਚੇ। ‘ਆਪ’ ਆਗੂ ਹਰਦੇਵ ਸਿੰਘ ਉੱਲਕ, ਬਲਵਿੰਦਰ ਸਿੰਘ ਸੰਧੂ ਤੇ ਕਿਸਾਨ ਯੂਨੀਅਨ ਦੇ ਬਲਾਕ ਪ੍ਰੈੱਸ ਸਕੱਤਰ ਭਿੰਦਰ ਸਿੰਘ ਨੇ ਕਿਹਾ ਕਿ ਅਫ਼ਸਰਾਂ ਦੇ ਧਿਆਨ ਵਿੱਚ ਲਿਆ ਕੇ ਜਲਦੀ ਹੀ ਮਹਿਲਾਵਾਂ ਦੇ ਕੰਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਵਿਚ ਕੰਮ ਕਰਵਾਉਣ ਲਈ ਏਜੰਟ ਲੋਕਾਂ ਦੀ ਲੁੱਟ ਕਰਦੇ ਹਨ। ਗ਼ਰੀਬ ਲੋਕ ਛੋਟੇ-ਛੋਟੇ ਬੱਚਿਆਂ ਸਣੇ ਕਈ-ਕਈ ਦਿਨ ਭੁੱਖੇ ਅਤੇ ਅੱਧੀ ਅੱਧੀ ਰਾਤ ਨੂੰ ਉੱਠ ਕੇ ਕਤਾਰਾਂ ਵਿੱਚ ਲੱਗਣ ਲਈ ਮਜਬੂਰ ਹਨ। ਆਮ ਆਗੂਆਂ ਨੇ ਕਿਹਾ ਕਿ ਜੇ ਲੋਕਾਂ ਦੀ ਖੱਜਲ ਖ਼ੁਆਰੀ ਬੰਦ ਨਾ ਹੋਈ ਤਾਂ ਪਾਰਟੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
ਰਿਸ਼ਵਤ ਦੇ ਦੋਸ਼ ਬੇਬੁਨਿਆਦ
ਸੇਵਾ ਕੇਂਦਰ ਦੇ ਅਪਰੇਟਰ ਅਮਨਦੀਪ ਨੇ ਦੱਸਿਆ ਕਿ ਉਨ੍ਹਾਂ ਕੋਲ ਪੰਜ ਕਾਊਂਟਰ ਹਨ। ਲਾਭਪਾਤਰੀਆਂ ਦਾ ਕੰਮ ਜ਼ਿਆਦਾ ਹੋਣ ਕਾਰਨ ਭੀੜ ਹੋ ਰਹੀ ਹੈ ਤੇ ਕੰਮ ਵਿੱਚ ਦਿਕਤਾਂ ਆ ਰਹੀਆਂ ਹਨ। ਉਨ੍ਹਾਂ ਰਿਸ਼ਵਤ ਦੇ ਦੋਸ਼ਾਂ ਨੂੰ ਨਾਕਾਰਦਿਆਂ ਕਿਹਾ ਕਿ ਇਹ ਬੇਬੁਨਿਆਦ ਹਨ। ਹਰ ਕੰਮ ਲਈ ਰਸ਼ੀਦ ਦਿੱਤੀ ਜਾ ਰਹੀ ਹੈ।