ਜੋਗਿੰਦਰ ਸਿੰਘ ਮਾਨ
ਮਾਨਸਾ, 29 ਮਾਰਚ
ਗੁਲਾਬੀ ਸੁੰਡੀ ਨਾਲ ਤਬਾਹ ਹੋਏ ਨਰਮੇ ਦਾ ਮੁਆਵਜ਼ਾ ਲੈਣ ਲਈ ਨਾਇਬ ਤਹਿਸੀਲਦਾਰ ਲੰਬੀ ਦਾ ਘਿਰਾਓ ਕਰ ਰਹੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਉਤੇ ਅੱਧੀ ਰਾਤ ਨੂੰ ਲਾਠੀਚਾਰਜ ਕਰਕੇ ਸੱਤ ਕਿਸਾਨਾਂ-ਮਜ਼ਦੂਰਾਂ ਨੂੰ ਜ਼ਖ਼ਮੀ ਕਰਨ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅੱਜ ਇਥੇ ਮਾਲਵਾ ਦੇ ਹੋਰ ਜ਼ਿਲ੍ਹਿਆਂ ਵਾਂਗ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਪਹਿਲੀਆਂ ਕਿਸਾਨ ਵਿਰੋਧੀ ਸਰਕਾਰਾਂ ਦੀ ਤਰ੍ਹਾਂ ‘ਆਪ’ ਸਰਕਾਰ ਵੀ ਕਿਸਾਨਾਂ ਦੀ ਹੱਕੀ ਆਵਾਜ਼ ਨੂੰ ਜਬਰ ਰਾਹੀਂ ਦਬਾਉਣ ਦੇ ਰਾਹ ਤੁਰ ਪਈ ਹੈ।ਅੱਜ ਇਥੇ ਮਾਨਸਾ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨ-ਮਜ਼ਦੂਰ ਸ਼ਾਂਤਮਈ ਤਰੀਕੇ ਨਾਲ ਮੌਜੂਦਾ ਸਰਕਾਰ ਕੋਲ ਮੁਆਵਜ਼ੇ ਦੀ ਮੰਗ ਕਰ ਰਹੇ ਸਨ, ਪਰ ਇਲਾਕੇ ਦੀ ਅਫਸਰਸ਼ਾਹੀ ਵੱਲੋਂ ਕਿਸਾਨਾਂ ਨੂੰ ਜੇ-ਫਾਰਮ ਲੈ ਕੇ ਆਉਣ ਦੀ ਬੇਲੋੜੀ ਸ਼ਰਤ ਲਾਈ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਕਾਰਨ ਕਿਸਾਨਾਂ ਨੂੰ ਤਹਿਸੀਲਦਾਰ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਾ ਪਿਆ, ਪਰ ਦੁੱਖ ਦੀ ਗੱਲ ਹੈ ਕਿ ਲੋਕਾਂ ਦੇ ਪੱਖ ਦੀਆਂ ਗੱਲਾਂ ਕਰਕੇ ਸੱਤਾ ’ਤੇ ਕਾਬਜ਼ ਹੋਈ ‘ਆਪ’ ਸਰਕਾਰ ਨੇ ਮਸਲਾ ਹੱਲ ਕਰਨ ਦੀ ਬਜਾਏ ਕਿਸਾਨਾਂ-ਮਜ਼ਦੂਰਾਂ ਨੂੰ ਕੁੱਟਣ ਤੇ ਝੂਠੇ ਪਰਚੇ ਦਰਜ ਕਰਕੇ ਦਬਾਉਣ ਵਾਲੇ ਰਸਤੇ ਨੂੰ ਚੁਣਿਆ ਹੈ।
ਇਸ ਮੌਕੇ ਮੁੱਖ ਮੰਤਰੀ ਦੇ ਨਾਂ ਅਧਿਕਾਰੀਆਂ ਨੂੰ ਸੌਂਪੇ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਫੱਟੜ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦਾ ਇਲਾਜ ਸਰਕਾਰੀ ਖਰਚੇ ’ਤੇ ਹੋਵੇ ਤੇ ਫੱਟੜ ਕਿਸਾਨਾਂ-ਮਜ਼ਦੂਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕਿਸਾਨਾਂ-ਮਜ਼ਦੂਰਾਂ ਸਿਰ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ।
ਲੰਬੀ (ਪੱਤਰ ਪ੍ਰੇਰਕ) ਪੰਜਾਬ ’ਚ ਸਿਰਫ ਰਾਜ ਕਰਨ ਵਾਲੀ ਪਾਰਟੀ ਬਦਲੀ ਹੈ, ਜੁਲਮ ਉਵੇਂ ਜਾਰੀ ਹੈ। ਬੀਤੀ ਰਾਤ ਦੇ ਹਾਲਾਤ ਇਨ੍ਹਾਂ ਸ਼ਬਦਾਂ ਦੀ ਸ਼ਾਹਦੀ ਭਰਦੇ ਹਨ ਤੇ ਗੁਲਾਬੀ ਸੁੰਡੀ ਮੁਆਵਜ਼ੇ ਨਾਲ ਜੁੜੀਆਂ ਹਕੀਕਤਾਂ ਤੇ ਸਿਆਸੀ ਬਦਲਾਅ ਬਾਅਦ ਵੀ ਅਫਸਰਸ਼ਾਹੀ ਦੇ ਰਵੱਈਏ ’ਚ ਲੋਕਪੱਖੀ ਅਣਹੋਂਦ ਹਕੀਕਤ ਪਰਦੇ ਚੁੱਕਣ ਲਈ ਕਾਫ਼ੀ ਹਨ। ਸਮੁੱਚੇ ਘਟਨਾਕ੍ਰਮ ਬਾਰੇ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਮੁਆਵਜ਼ ਸਰਵੇ ਵਿੱਚ ਲੰਬੀ ਹਲਕੇ ਦੇ ਡੇਢ ਦਰਜਨ ਤੋਂ ਵੱਧ ਪਿੰਡਾਂ ਦੀ ਅਣਦੇਖੀ ਤੇ ਧਰਨੇ-ਘਿਰਾਓ ਲਈ ਜ਼ੀਰੋ ਤੋਂ ਇੱਕ ਸੌ ਤੱਕ ਸੁਮੱਚੇ ਹਾਲਾਤਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ। ਗੁਰਪਾਸ਼ ਸਿੰਘੇਵਾਲਾ ਦਾ ਕਹਿਣਾ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਤੇ ਖੇਤ ਮਜ਼ਦੂਰ ਨਰਮਾ ਖਰਾਬੇ ਦਾ ਐਲਾਨੇ ਮੁਆਵਜ਼ੇ ਹਾਸਲ ਕਰਨ ਲਈ ਮਹੀਨਿਆਂ ਤੋਂ ਅਧਿਕਾਰੀਆਂ ਦੀ ਬੇਰੁੱਖੀ ਕਾਰਨ ਦਫਤਰਾਂ ’ਚ ਖਾਕ ਛਾਣਦੇ ਆ ਰਹੇ ਹਨ।