ਸੁਰਜੀਤ ਵਸ਼ਿਸ਼ਟ
ਝੁਨੀਰ, 5 ਅਗਸਤ
ਕਸਬਾ ਝੁਨੀਰ ਅਤੇ ਨਜ਼ਦੀਕੀ ਪਿੰਡ ਭੰਮਾਂ ਖੁਰਦ, ਖਿਆਲੀ ਚਹਿਲਾਂਵਾਲੀ, ਦਸੋਂਦੀਆਂ, ਲਾਲਿਆਂਵਾਲੀ, ਭੰਮੇ ਕਲਾਂ ਅਤੇ ਨਜ਼ਦੀਕੀ ਪਿੰਡਾਂ ਵਿੱਚ ਮੀਂਹ ਨਾ ਪੈਣ ਕਾਰਨ ਅਤੇ ਮੌਸਮ ਵਿੱਚ ਖੁਸ਼ਕੀ ਵਧਣ ਕਾਰਨ ਨਰਮੇ ਦੀ ਫ਼ਸਲ ਦੇ ਬੀਤੇ ਕਈ ਦਿਨਾਂ ਤੋਂ ਫੈਲਦਾ ਆ ਰਿਹਾ ਚਿੱਟਾ ਮੱਛਰ ਹੋਰ ਵਧਦਾ ਜਾ ਰਿਹਾ ਹੈ। ਕਿਸਾਨ ਆਗੂ ਕਸ਼ਮੀਰ ਸਿੰਘ ਭੰਮਾਂ, ਭੋਲਾ ਸਿੰਘ, ਮਲਕੀਤ ਸਿੰਘ, ਰੇਸ਼ਮ ਸਿੰਘ ਅਤੇ ਅੱਛਰੂ ਸਿੰਘ ਨੇ ਦੱਸਿਆ ਕਿ ਉਹ ਕੀਟਨਾਸ਼ਕ ਕੰਪਨੀ ਦੀਆਂ ਹਦਾਇਤਾਂ ਅਨੁਸਾਰ ਨਰਮੇ ਦੀ ਫ਼ਸਲ ’ਤੇ ਚਿੱਟਾ ਮੱਛਰ ਮਾਰਨ ਲਈ ਸਪਰੇਅ ਕਰ ਚੁੱਕੇ ਹਨ ਪਰ ਇਹ ਤੇਲਾ ਮਰਿਆ ਨਹੀਂ ਹੈ ਜਦੋਂ ਕਿ ਪਿਛਲੇ ਸਾਲ ਇਹ ਚਿੱਟਾ ਮੱਛਰ ਦਵਾਈ ਦਾ ਸਪਰੇਅ ਕਰਨ ਉਪਰੰਤ ਕਾਫ਼ੀ ਹੱਦ ਤੱਕ ਤੇਲਾ ਮਰ ਜਾਂਦਾ ਸੀ।
ਉਨ੍ਹਾਂ ਨੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਇਸ ਸਮੱਸਿਆ ਨੂੰ ਛੇਤੀ ਹੱਲ ਕੀਤਾ ਜਾਵੇ ਤੇ ਨਰਮੇ ਦੀ ਫਸਲ ਨੂੰ ਚਿੱਟੇ ਮੱਛਰ ਦੇ ਪ੍ਰਕੋਪ ਤੋਂ ਬਚਾਇਆ ਜਾਵੇ ਤਾਂ ਕਿ ਕਾਸ਼ਤਕਾਰਾਂ ਦਾ ਆਰਥਿਕ ਨੁਕਸਾਨ ਨਾ ਹੋਵੇ।
ਕੀਟਨਾਸ਼ਕਾਂ ਦੀ ਕੁਆਲਟੀ ਬਾਰੇ ਸ਼ੰਕੇ ਜ਼ਾਹਿਰ
ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਨੂੰ ਕੀਟਨਾਸ਼ਕਾਂ ਦੀ ਕੁਆਲਟੀ ਬਾਰੇ ਵੀ ਸ਼ੰਕੇ ਪੈਦਾ ਹੋ ਗਏ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਇਸੇ ਪ੍ਰਕਾਰ ਹੀ ਚਿੱਟੇ ਮੱਛਰ ਦਾ ਨਰਮੇ ਦੀ ਫ਼ਸਲ ਤੇ ਪ੍ਰਕੋਪ ਜਾਰੀ ਰਿਹਾ ਤਾਂ ਕੁਝ ਹੀ ਦਿਨਾਂ ਵਿੱਚ ਨਰਮੇ ਦੀ ਫਸਲ ਤਬਾਹ ਹੋ ਸਕਦੀ ਹੈ। ਕਿਸਾਨ ਆਗੂ ਕਸ਼ਮੀਰ ਸਿੰਘ ਭੰਮਾਂ ਅਤੇ ਹੋਰਨਾਂ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਤੋਂ ਕੀਟਨਾਸ਼ਕਾਂ ਦੀ ਕੁਆਲਟੀ ਦੀ ਸ਼ੁੱਧਤਾ ਕਾਇਮ ਰੱਖਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਉੱਤਮ ਦਰਜੇ ਦੇ ਕੀਟਨਾਸ਼ਕ ਨਰਮਾ ਉਤਪਾਦਕਾਂ ਨੂੰ 50 ਫ਼ੀਸਦੀ ਉੱਪਦਾਨ ਤੇ ਖੇਤੀਬਾੜੀ ਵਿਭਾਗ ਜਾਂ ਖੇਤੀਬਾੜੀ ਸਹਿਕਾਰੀ ਸਭਾਵਾਂ ਦੁਆਰਾ ਦਿੱਤੇ ਜਾਣ ਦੀ ਮੰਗ ਕੀਤੀ ਹੈ।