ਪੱਤਰ ਪ੍ਰੇਰਕ
ਸੰਗਤ ਮੰਡੀ,10 ਅਗਸਤ
ਜ਼ਿਲ੍ਹਾ ਬਠਿੰਡਾ ਦੇ ਪਿੰਡ ਤਿਉਣਾ ਵਿੱਚ ਪਸ਼ੂਆਂ ਨੂੰ ਪਿਛਲੇ ਕਈ ਦਿਨਾਂ ਤੋਂ ਮੂੰਹ ਖੁਰ ਦੀ ਭਿਆਨਕ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਰੱਖਿਆ ਹੈ ਜਿਸ ਤਹਿਤ ਦਰਜਨਾਂ ਪਸ਼ੂ ਬਿਮਾਰ ਪਏ ਹਨ ਅਤੇ ਵੱਡੀ ਗਿਣਤੀ ਵਿੱਚ ਦੁਧਾਰੂ ਪਸ਼ੂਆਂ ਸਮੇਤ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਸੁਖਵਿੰਦਰ ਸਿੰਘ ਘੱਕੂ ਨੇ ਦੱਸਿਆ ਕਿ ਪਿਛਲੇ ਦੋ ਚਾਰ ਦਿਨਾਂ ਵਿੱਚ ਹੀ ਉਨ੍ਹਾਂ ਦੇ ਦੋ ਦੁਧਾਰੂ ਪਸ਼ੂਆਂ ਤੇ ਮਿੰਟੂ ਸਿੰਘ ਦੀਆਂ ਤਿੰਨ ਦੁਧਾਰੂ ਗਾਵਾਂ ਅਤੇ ਹਰਵਜਿੰਦਰ ਸਿੰਘ ਕਾਕਾ ਦੀ ਇੱਕ ਦੁਧਾਰੂ ਮੱਝ ਬਿਮਾਰੀ ਦੀ ਭੇਟ ਚੜ੍ਹ ਗਈਆਂ ਹਨ। ਪਿੰਡ ਵਾਸੀਆਂ ਨੇ ਦੋਸ਼ ਲਾਏ ਕਿ ਪਸ਼ੂ ਪਾਲਣ ਵਿਭਾਗ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਇਸ ਸਬੰਧੀ ਪਿੰਡ ਤਿਉਣਾ ਦੇ ਪਸ਼ੂ ਹਸਪਤਾਲ ਵਿੱਚ ਤਾਇਨਾਤ ਡਾ ਸੰਭਵ ਜੈਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਈ ਲੋਕ ਆ ਰਹੇ ਹਨ ਜਿਨ੍ਹਾਂ ਦੇ ਪਸ਼ੂਆਂ ਵਿੱਚ ਮੂੰਹ ਖੁਰ ਬਿਮਾਰੀ ਦੇ ਲੱਛਣ ਹਨ। ਉਨਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਪਸ਼ੂਆਂ ਦੇ ਟੈਗ ਲਾਕੇ ਮੂੰਹ ਖੁਰ ਰੋਕੂ ਟੀਕੇ ਲਾਏ ਜਾ ਰਹੇ ਸਨ ਪਰ ਲੋਕਾਂ ਵੱਲੋਂ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਦੀ ਥਾਂ ਵਿਰੋਧ ਕੀਤਾ ਅਤੇ ਅਧਿਕਾਰੀਆਂ ਨੂੰ ਬੰਦੀ ਵੀ ਬਣਾਇਆ ਗਿਆ। ਟੀਕਾਕਰਨ ਨਾ ਹੋਣ ਕਾਰਨ ਇਹ ਬਿਮਾਰੀ ਪਸ਼ੂਆਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਉਨਾਂ ਕਿਹਾ ਕਿ ਉਨਾਂ ਵੱਲੋਂ ਵਿਭਾਗ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆ ਦਿੱਤਾ ਹੈ। ਉਮੀਦ ਹੈ ਆਉਂਦੇ ਦਿਨਾਂ ਵਿੱਚ ਵੈਕਸੀਨ ਆ ਜਾਵੇਗੀ।