ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 15 ਮਾਰਚ
ਵਿਧਾਨ ਸਭਾ ਚੋਣਾਂ ਦੌਰਾਨ ਮੁਕਤਸਰ ਹਲਕੇ ਦੇ ਕੁੱਲ 210 ਬੂਥਾਂ ’ਚੋਂ ਆਮ ਆਦਮੀ ਪਾਰਟੀ ਨੇ 194 ਬੂਥਾਂ ’ਤੇ ਆਪਣਾ ਦਬਦਬਾ ਬਣਾਈ ਰੱਖਿਆ, ਜਿਸਦੇ ਤਹਿਤ ਮੁਕਤਸਰ ਹਲਕੇ ਦੀਆਂ ਪੋਲ ਹੋਈਆਂ ਕੁੱਲ 1,49,390 ਵੋਟਾਂ ’ਚੋਂ ‘ਆਪ’ ਦੇ ਜਗਦੀਪ ਸਿੰਘ ਕਾਕਾ ਬਰਾੜ 76,321 ਵੋਟਾਂ ਲੈਣ ’ਚ ਸਫ਼ਲ ਰਿਹਾ।
ਇਸੇ ਤਰ੍ਹਾਂ ਅਕਾਲੀ ਦਲ ਦੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ 16 ਬੂਥਾਂ ’ਤੇ ਮੋਹਰੀ ਰਿਹਾ, ਜਿਸ ਕਰਕੇ ਉਹ 42,127 ਵੋਟਾਂ ਹੀ ਪ੍ਰਾਪਤ ਕਰ ਸਕੇ, ਜਦੋਂਕਿ ਭਾਰਤੀ ਜਨਤਾ ਪਾਰਟੀ ਦੇ ਰਜੇਸ਼ ਗੋਰਾ ਪਠੇਲਾ ਸਿਰਫ ਇਕ ਬੂਥ ’ਤੇ ਹੀ ਆਪਣੀ ਬੜ੍ਹਤ ਬਣਾ ਕੇ ਮਹਿਜ਼ 10,634 ਵੋਟਾਂ ਲੈ ਸਕੇ ਅਤੇ ਕਾਂਗਰਸ ਦੀ ਕਰਨ ਕੌਰ ਬਰਾੜ ਕਿਸੇ ਬੂਥ ’ਤੇ ਵੀ ਆਪਣਾ ਵਾਧਾ ਨਹੀਂ ਕਰ ਸਕੇ ਤੇ ਸਿਰਫ 14,290 ਵੋਟਾਂ ’ਤੇ ਹੀ ਸਿਮਟ ਗਏ। ਇਕੱਤਰ ਜਾਣਕਾਰੀ ਅਨੁਸਾਰ ਇਹ ਤੱਥ ਵੀ ਵੇਖਣ ਨੂੰ ਸਾਹਮਣੇ ਆਇਆ ਕਿ ਸਾਬਕਾ ਵਿਧਾਇਕ ਰੋਜ਼ੀ ਬਰਕੰਦੀ ਆਪਣੇ ਹੀ ਜੱਦੀ ਪਿੰਡ ’ਚ ਦੋਵਾਂ ਬੂਥਾਂ ’ਤੇ 149 ਵੋਟਾਂ ਨਾਲ ਆਮ ਆਦਮੀ ਪਾਰਟੀ ਤੋਂ ਪੱਛੜ ਗਏ।