ਲਖਵਿੰਦਰ ਸਿੰਘ
ਮਖੂ, 23 ਦਸੰਬਰ
ਸਰਬੰਸਦਾਨੀ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਦੀ ਸਾਲਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਹੀਦੀ ਹਫ਼ਤਾ ਬਾਬਾ ਅਵਤਾਰ ਸਿੰਘ ਚੰਦ ਦੀ ਅਗਵਾਈ ਹੇਠ ਮਨਾਇਆ ਜਾ ਰਿਹਾ ਹੈ। ਅੱਜ ਤੀਸਰੇ ਦਿਨ ਸ੍ਰੀ ਗੁਰਦੁਆਰਾ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਨੂੰ ਸਮਰਪਿਤ ਬੁਲ੍ਹੋ ਕੇ ਮੱਖੂ ਤੋਂ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਇਲਾਕੇ ਦੀ ਸੰਗਤ ਨੇ ਹਾਜ਼ਰੀ ਭਰੀ। ਨਗਰ ਕੀਰਤਨ ਮਖੂ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ। ਕਥਾ ਵਾਚਕ ਗਿਆਨੀ ਆਤਮਾਂ ਸਿੰਘ ਅਤੇ ਭਾਈ ਅਵਤਾਰ ਸਿੰਘ ਨੇ ਸ਼ਹੀਦਾਂ ਬਾਰੇ ਵਿਸਥਾਰ ਨਾਲ ਦੱਸ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਐਡਵੋਕੇਟ ਹਰਭਜਨ ਸਿੰਘ, ਬਲਵਿੰਦਰ ਸਿੰਘ ਕਾਹਲੋਂ ਕੈਨੇਡਾ, ਮਾਸਟਰ ਗੁਰਿੰਦਰ ਸਿੰਘ ਬੁਲ੍ਹੋ ਕੇ, ਕਾਮਰੇਡ ਕਸ਼ਮੀਰ ਸਿੰਘ, ਚੇਅਰਮੈਨ ਮਹਿਲ ਸਿੰਘ ਸੰਧੂ, ਠੇਕੇਦਾਰ ਗੁਰਮੀਤ ਸਿੰਘ, ਬਲਦੇਵ ਸਿੰਘ ਭੁਲਰ ਆਦਿ ਨੇ ਹਾਜ਼ਰੀ ਭਰੀ।
ਸ਼ਹਾਦਤ ਨੂੰ ਸਮਰਪਿਤ ਸਮਾਗਮ
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਅਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ ਵਿੱਚ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸੁਮਨ ਸ਼ਰਮਾ, ਡਾਇਰੈਕਟਰ ਸਰਬਪਾਲ ਸ਼ਰਮਾ ਤੇ ਮੈਨੇਜਰ ਜਗਤਾਰ ਸਿੰਘ ਬਲਬੇੜਾ ਹਾਜ਼ਰ ਸਨ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਡਾਇਰੈਕਟਰ ਸਰਬਪਾਲ ਸ਼ਰਮਾ ਨੇ ਬੱਚਿਆਂ ਨੂੰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੇ ਜੀਵਨ ਤੇ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ।