ਨਿੱਜੀ ਪੱਤਰ ਪ੍ਰੇਰਕ
ਮਲੋਟ, 11 ਅਕਤੂਬਰ
ਚੌਥੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਮਲੋਟ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਕਿ ਗੁਰਦੁਆਰਾ ਭਾਈ ਜਗਤਾ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ, ਤਹਿਸੀਲ ਰੋਡ, ਇੰਦਰਾ ਰੋਡ ਅਤੇ ਕੈਰੋਂ ਰੋਡ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿੱਚ ਪਹੁੰਚਿਆ। ਸ਼ਹਿਰ ਦੀਆਂ ਸੰਗਤਾਂ ਵੱਲੋਂ ਸ਼ਰਧਾ ਪੂਰਵਕ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਥਾਂ-ਥਾਂ ’ਤੇ ਫੁੱਲਾਂ ਦੀ ਵਰਖਾ ਕਰਨ ਦੇ ਨਾਲ-ਨਾਲ ਦੁੱਧ ਅਤੇ ਫਲਾਂ ਦੇ ਲੰਗਰ ਲਗਾਏ ਗਏ। ਸਮਾਜਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਡਾਕਟਰ ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਆਉਣ ਵਾਲੀ 16 ਤਰੀਕ ਨੂੰ ਸੈਂਕੜੇ ਦੇ ਕਰੀਬ ਨੌਜਵਾਨਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਹੀ ਅਮ੍ਰਿਤ ਛਕਾਇਆ ਕਰਵਾਇਆ ਜਾਵੇਗਾ ਅਤੇ 18 ਤਰੀਕ ਨੂੰ ਭਾਈ ਜਗਤਾ ਜੀ ਗੁਰਦੁਆਰਾ ਸਾਹਿਬ ਵਿੱਚ ਹੀ ਇਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਿੱਖ ਇਤਿਹਾਸ ਬਾਰੇ ਜਾਗਰੂਕ ਕਰਨਾ ਹੀ ਉਨ੍ਹਾਂ ਦਾ ਮੁੱਖ ਮੰਤਵ ਹੈ, ਤਾਂ ਕਿ ਉਹ ਆਪਣੇ ਗੌਰਵਮਈ ਇਤਿਹਾਸ ਬਾਰੇ ਜਾਣੂ ਹੋਣ।
ਅਖੀਰ ਵਿੱਚ ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਗੁਰੂ ਰਾਮਦਾਸ ਦੇ ਪ੍ਰਕਾਸ਼ ਦਿਹਾੜੇ ਸਬੰਧੀ ਵਧਾਈਆਂ ਦਿੱਤੀਆਂ।
ਗੁਰੂ ਰਾਮਦਾਸ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਸ਼ਹਿਣਾ (ਪੱਤਰ ਪ੍ਰੇਰਕ): ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ। ਇਸ ਮੌਕੇ ਗ੍ਰੰਥੀ ਨਿਰਮਲ ਸਿੰਘ ਨੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।