ਪੱਤਰ ਪ੍ਰੇਰਕ
ਜ਼ੀਰਾ, 2 ਸਤੰਬਰ
ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿੱਚ ਮਾਲਬਰੋਸ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਫੈਕਟਰੀ ਦੇ ਮੁੱਖ ਗੇਟ ਮੂਹਰੇ ਲਗਾਇਆ ਗਿਆ ਧਰਨਾ ਅੱਜ 41ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਾ ਹੈ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਖੋਸਾ ਦਾ ਵੱਡਾ ਜੱਥਾ ਧਰਨੇ ਵਿੱਚ ਸ਼ਾਮਲ ਹੋਇਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਮੰਗਲ ਸਿੰਘ ਸੰਧੂ ਸ਼ਾਹਵਾਲਾ ਨੇ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮਾਨ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੂੜ੍ਹੀ ਨੀਂਦ ਸੁੱਤੇ ਹੋਏ ਹਨ, ਸ਼ਰਾਬ ਫੈਕਟਰੀ ਨੂੰ ਬੰਦ ਕਰਾਉਣ ਲਈ ਪਿਛਲੇ 41 ਦਿਨ ਤੋਂ ਦਿਨ ਰਾਤ ਦਾ ਪੱਕਾ ਧਰਨਾ ਚੱਲ ਰਿਹਾ ਹੈ ਪਰ ਅਜੇ ਤੱਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੀ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਨਹੀਂ ਪਹੁੰਚੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਖੋਸਾ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਵੱਲੋਂ ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਲੋਕਾਂ ਨਾਲ ਖੜ੍ਹੀ ਹੈ ਅਤੇ ਅੱਗੇ ਵੀ ਏਸੇ ਤਰ੍ਹਾਂ ਖੜੀ ਰਹੇਗੀ, ਜਦੋ ਤੱਕ ਫੈਕਟਰੀ ਬੰਦ ਨਹੀ ਹੁੰਦੀ।