ਪੱਤਰ ਪ੍ਰੇਰਕ
ਮਾਨਸਾ, 2 ਜੁਲਾਈ
ਮਾਨਸਾ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਇਥੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗ ਕਰਦਿਆਂ ਰਿਕਵਰੀ ਅਤੇ ਵਸੂਲੀ ਕੇਸਾਂ ਅੰਦਰ ਤੇਜ਼ੀ ਲਿਆਉਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਿਸ਼ਾਨਦੇਹੀ, ਗਿਰਦਾਵਾਰੀਆਂ ਦੀਆਂ ਪੜ੍ਹਤਾਲ ਅਤੇ ਇੰਤਕਾਲਾਂ ਵਿੱਚ ਕਿਸੇ ਕਿਸਮ ਦੀ ਢਿੱਲਮੱਠ ਜਾਂ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਪਿਛਲੇ 2 ਸਾਲ ਤੋਂ ਲੰਬਿਤ ਪਏ ਵੱਖ-ਵੱਖ ਕੇਸਾਂ ਦਾ ਤੁਰੰਤ ਨਬਿੇੜਾ ਕੀਤਾ ਜਾਵੇ। ਉਨ੍ਹਾਂ ਨੇ ਸਾਂਝ ਕੇਂਦਰ ਤੋਂ ਆਏ ਅਧਿਕਾਰੀਆਂ ਨੂੰ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹਰੇਕ ਦਰਖਾਸਤ ਨੂੰ ਸਮਾਂਬੱਧ ਢੰਗ ਨਾਲ ਨਜਿੱਠਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਐੱਸਡੀਐੱਮਜ਼ ਨੂੰ ਹਦਾਇਤ ਕੀਤੀ ਕਿ ਰਿਕਵਰੀ ਅਤੇ ਵਸੂਲੀ ਕੇਸਾਂ ਦਾ 15 ਦਿਨਾਂ ਬਾਅਦ ਰੀਵਿਊ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਦੇ ਮੱਦੇਨਜ਼ਰ ਨਹਿਰਾਂ, ਸੂਇਆਂ, ਸੀਵਰੇਜ ਅਤੇ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਵਿਸੇਸ ਤਵੱਜੋਂ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਰੇਕ ਸ਼ੁੱਕਰਵਾਰ ਸਕੂਲਾਂ ਵਿੱਚ ਵੈਕਸੀਨੇਸ਼ਨ ਕੈਂਪ ਲਗਾਉਣ ਦੇ ਆਦੇਸ਼ ਜਾਰੀ ਕੀਤੇ।