ਨਿੱਜੀ ਪੱਤਰ ਪ੍ਰਰੇਕ
ਬੁਢਲਾਡਾ, 18 ਜੂਨ
ਕੌਮੀ ਮਾਰਗ 148-ਬੀ ਅਧੀਨ ਆਉਂਦੀਆਂ ਜ਼ਮੀਨਾਂ ਐਕੁਆਇਰ ਮਾਮਲੇ ਵਿੱਚ ਰਿਹਾਇਸ਼ੀ ਘਰਾਂ ਦੇ ਕੁਝ ਮਾਲਕਾਂ ਨੂੰ ਮੁਆਵਜ਼ਾ ਨਾ ਮਿਲਣ ਕਾਰਨ ਲੋਕਾਂ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਧਰਨਾ ਦਿੱਤਾ। ਇਸ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਬੋਲਦਿਆਂ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਇਸ ਰੋਡ ’ਤੇ ਪੈਂਦੀ ਜ਼ਮੀਨ ਦੇ ਕੁਝ ਹਿੱਸੇ ਨੂੰ ਵਕਫ਼ ਬੋਰਡ ਨੇ 40 ਸਾਲ ਪਹਿਲਾਂ ਨੇ ਨਰੰਜਣ ਸਿੰਘ ਨਾਂਅ ਦੇ ਵਿਅਕਤੀ ਨੂੰ ਪਟੇਨਾਮੇ ’ਤੇ ਲਿਖ ਕੇ ਦੇ ਦਿੱਤੀ ਸੀ ਪਰ ਬਾਅਦ ਵਿੱਚ ਉਸ ਵਿਅਕਤੀ ਨੇ ਜ਼ਮੀਨ ਨੂੰ ਪਲਾਟ ਬਣਾ ਕੇ ਵੇਚ ਦਿੱਤਾ ਸੀ। ਪਰ ਵਕਫ਼ ਬੋਰਡ ਨੇ ਵੇਚਣ ਵਾਲੇ ਵਿਅਕਤੀ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਸੀ ਕੀਤੀ। ਇਸ ਜ਼ਮੀਨ ’ਤੇ ਲੋਕਾਂ ਨੇ ਲੱਖਾਂ ਰੁਪਏ ਲਗਾ ਕੇ ਰਿਹਾਇਸ਼ ਵੀ ਕਰ ਲਈ ਸੀ। ਪਰ ਸਮੇਂ-ਸਮੇਂ ਦੀਆਂ ਸਰਕਾਰ ਨੇ ਇਨ੍ਹਾਂ ਨੂੰ ਕਦੇ ਰੋਕਿਆ ਨਹੀਂ ਸੀ। ਇੰਨੇ ਸਮੇਂ ਬਾਅਦ ਹੁਣ ਇਨ੍ਹਾਂ ਨੂੰ ਘਰ ਖਾਲੀ ਕਰਨ ਦੇ ਫਰਮਾਨ ਜਾਰੀ ਕਰ ਦਿੱਤੇ ਗਏ ਹਨ ਜੋ ਸਰਾਸਰ ਗ਼ਲਤ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਸ ਦਾ ਡਟ ਕੇ ਵਿਰੋਧ ਕਰੇਗੀ।
ਇਸ ਮੌਕੇ ਮਲਕੀਤ ਸਿੰਘ ਸੋਨੀ, ਜਸਵੀਰ ਸਿੰਘ, ਜਗਤਾਰ ਸਿੰਘ, ਭਿੰਦਾ ਸਿੰਘ, ਜਗਜੀਤ ਸਿੰਘ, ਸੁਖਪਾਲ ਸਿੰਘ, ਗੋਰਖਨਾਥ, ਜਗਸੀਰ ਸਿੰਘ, ਜਰਨੈਲ ਸਿੰਘ, ਅਮਨ ਸਿੰਘ, ਕਰਮਜੀਤ ਸਿੰਘ, ਰਾਜਪ੍ਰੀਤ ਸਿੰਘ, ਸੋਨੀ, ਬਲਵਿੰਦਰ ਕੌਰ ਤੇ ਕਪੂਰ ਸਿੰਘ ਨੇ ਵੀ ਸੰਬੋਧਨ ਕੀਤਾ।