ਸੰਜੀਵ ਹਾਂਡਾ
ਫ਼ਿਰੋਜ਼ਪੁਰ, 28 ਮਈ
ਡਿਪਟੀ ਕਮਿਸ਼ਨਰ ਨੇ ਛਾਉਣੀ ਸਥਿਤ ਆਰੀਆ ਅਨਾਥਆਲਿਆ ਦੇ 47 ਬੱਚਿਆਂ ’ਚੋਂ 46 ਨੂੰ ਉਨ੍ਹਾਂ ਦੇ ਘਰ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਆਸ਼ਰਮ ਦੇ ਪ੍ਰਬੰਧਕ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਬੱਚਿਆਂ ਨੂੰ ਵਾਪਸ ਘਰ ਭੇਜਣ ਤੋਂ ਟਾਲਾ ਵੱਟਦੇ ਆ ਰਹੇ ਹਨ।
ਤਿੰਨ ਸਾਲ ਪਹਿਲਾਂ ਇਸ ਅਨਾਥ ਆਸ਼ਰਮ ਵਿਚ ਕੁੱਲ 105 ਬੱਚੇ ਮੌਜੂਦ ਸਨ। ਇਨ੍ਹਾਂ ਬੱਚਿਆਂ ਨੂੰ ਕਈ ਸਾਲਾਂ ਤੋਂ ਅਨਾਥ ਦੱਸ ਕੇ ਇੱਥੇ ਰੱਖਿਆ ਗਿਆ ਸੀ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਬੱਚਿਆਂ ਵਿੱਚੋਂ ਜਿੰਨੇ ਬੱਚੇ ਬਾਰ੍ਹਵੀਂ ਜਮਾਤ ਪਾਸ ਕਰ ਕੇ ਇੱਥੋਂ ਚਲੇ ਜਾਂਦੇ ਸਨ, ਓਨੇ ਹੀ ਬੱਚੇ ਇੱਥੇ ਹੋਰ ਆ ਜਾਂਦੇ ਸਨ। ਅਨਾਥ ਦੱਸੇ ਗਏ ਬੱਚਿਆਂ ਦੇ ਘਰ-ਪਰਿਵਾਰ ਹੋਣ ਦਾ ਖ਼ੁਲਾਸਾ ਕਰੀਬ ਤਿੰਨ ਸਾਲ ਪਹਿਲਾਂ ਹੋਇਆ ਸੀ। ਇਸ ਬਾਰੇ ਪਤਾ ਲੱਗਣ ’ਤੇ ਤਤਕਾਲੀ ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਤੁਰੰਤ ਵਾਪਸ ਘਰ ਭੇਜਣ ਦੇ ਹੁਕਮ ਜਾਰੀ ਦਿੱਤੇ ਸਨ। ਆਸ਼ਰਮ ਦੇ ਪ੍ਰਬੰਧਕਾਂ ਨੇ ਅਦਾਲਤ ਦਾ ਬੂਹਾ ਜਾ ਖੜਕਾਇਆ ਤੇ ਮਾਮਲਾ ਅੱਧ ਵਿਚਾਲੇ ਲਟਕ ਗਿਆ। ਫਿਰ ਸਾਲਾਨਾ ਪ੍ਰੀਖਿਆ ਅਤੇ ਕਰੋਨਾ ਦਾ ਹਵਾਲਾ ਦੇ ਕੇ ਬੱਚਿਆਂ ਨੂੰ ਇੱਥੇ ਹੀ ਰੋਕ ਲਿਆ ਗਿਆ।ਸਾਲ 2019 ਵਿਚ ਆਰੀਆ ਅਨਾਥਆਲਿਆ ਨੇ ਜੁਵੇਨਾਇਲ ਜਸਟਿਸ ਐਕਟ (ਜੇਜੇ ਐਕਟ) ਦੇ ਤਹਿਤ ਚਿਲਡਰਨ ਹੋਮ ਦੀ ਰਜਿਸਟਰੇਸ਼ਨ ਕਰਵਾਈ ਸੀ। ਇਸ ਦੌਰਾਨ ਚਾਈਲਡ ਵੈਲਫੇਅਰ ਕਮੇਟੀ ਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ 105 ਬੱਚਿਆਂ ’ਚੋਂ 104 ਬੱਚੇ ਝਾਰਖੰਡ ਦੇ ਤੋਂ ਸਨ ਤੇ ਸਿਰਫ਼ ਇੱਕ ਲੜਕੀ ਪੰਜਾਬ ਤੋਂ ਸੀ। ਹਾਈ ਕੋਰਟ ਨੇ ਪ੍ਰਬੰਧਕਾਂ ਨੂੰ ਜ਼ਿਲ੍ਹਾ ਸੈਸ਼ਨ ਕੋਰਟ ਵਿਚ ਅਪੀਲ ਪਾਉਣ ਲਈ ਆਖਿਆ ਸੀ ਜਿੱਥੇ ਉਨ੍ਹਾਂ ਦੀ ਅਪੀਲ ਨਾਮਨਜ਼ੂਰ ਹੋ ਗਈ।
ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੇ 46 ਬੱਚਿਆਂ ਨੂੰ 30 ਮਈ ਤੱਕ ਉਨ੍ਹਾਂ ਦੇ ਘਰ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਉਧਰ, ਦੂਜੇ ਪਾਸੇ ਆਰਿਆ ਅਨਾਥਆਲਿਆ ਦੀ ਮੈਨੇਜਰ ਸਤਨਾਮ ਕੌਰ ਨੇ ਇਸ ਸਬੰਧੀ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ।