ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 3 ਅਪਰੈਲ
ਫ਼ਰੀਦਕੋਟ ਦੇ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੇ ਆਪਣੇ ਇੱਕ ਹੁਕਮ ਵਿੱਚ ਥਾਣਾ ਜੈਤੋ ਦੇ ਐੱਸਐੱਚਓ ਨੂੰ ਆਦੇਸ਼ ਦਿੱਤਾ ਹੈ ਕਿ ਅਦਾਲਤੀ ਕਾਰਵਾਈ ਵਿੱਚ ਵਿਘਨ ਪਾਉਣ ਵਾਲੇ 9 ਕਿਸਾਨਾਂ ਖ਼ਿਲਾਫ਼ ਪਰਚਾ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮਿਲੀ ਜਾਣਕਾਰੀ ਅਨੁਸਾਰ ਅਦਾਲਤ ਨੇ ਆਪਣਾ ਇਕ ਫੈਸਲਾ ਲਾਗੂ ਕਰਵਾਉਣ ਲਈ ਜੈਤੋ ਦੇ ਨਾਇਬ ਤਹਿਸੀਲਦਾਰ ਕਮਲਦੀਪ ਸਿੰਘ ਨੂੰ ਲਿਖਤੀ ਹੁਕਮ ਭੇਜਿਆ ਸੀ ਕਿ ਪਿੰਡ ਗੋਂਦਾਰਾ ਵਿੱਚ ਸਥਿਤ ਜ਼ਮੀਨ ਦੀ ਨਿਲਾਮੀ ਕਰ ਕੇ ਬਣਦੀ ਰਕਮ ਅਦਾਲਤ ਵਿੱਚ ਜਮ੍ਹਾਂ ਕਰਵਾਈ ਜਾਵੇ ਤਾਂ ਜੋ ਇਹ ਪੈਸੇ ਮੁਦਈ ਨੂੰ ਦਿੱਤੇ ਜਾ ਸਕਣ। ਨਾਇਬ ਤਹਿਸੀਲਦਾਰ ਕਮਲਦੀਪ ਸਿੰਘ ਨੇ ਅਦਾਲਤ ਨੂੰ ਲਿਖ਼ਤੀ ਬਿਆਨ ਵਿੱਚ ਦੱਸਿਆ ਕਿ ਜ਼ਮੀਨ ਦੀ ਨਿਲਾਮੀ ਤੋਂ ਪਹਿਲਾਂ 9 ਕਿਸਾਨ ਉਸ ਦੇ ਦਫਤਰ ਵਿੱਚ ਆਏ ਅਤੇ ਕਥਿਤ ਤੌਰ ’ਤੇ ਉਸ ਨੂੰ ਧਮਕਾਇਆ ਅਤੇ ਇਨ੍ਹਾਂ ਕਿਸਾਨਾਂ ਨੇ ਖੁਦ ਨੂੰ ਕਿਸਾਨ ਜਥੇਬੰਦੀ ਦਾ ਆਗੂ ਦੱਸਿਆ ਸੀ। ਤਹਿਸੀਲਦਾਰ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੀ ਜਾਨ ਨੂੰ ਖ਼ਤਰਾ ਮਹਿਸੂਸ ਕਰਦਿਆਂ ਜ਼ਮੀਨ ਦੀ ਨਿਲਾਮੀ ਨਹੀਂ ਕਰਵਾਈ। ਵਧੀਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਪ੍ਰਸ਼ਾਂਤ ਵਰਮਾ ਨੇ ਜ਼ਿਲ੍ਹਾ ਪੁਲੀਸ ਮੁਖੀ ਫ਼ਰੀਦਕੋਟ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਤਹਿਸੀਲਦਾਰ ਨੂੰ ਲੋੜੀਂਦੀ ਪੁਲੀਸ ਸੁਰੱਖਿਆ ਮੁਹੱਈਆ ਕਰਵਾਈ ਜਾਵੇ।