ਖੇਤਰੀ ਪ੍ਰਤੀਨਿਧ
ਬਰਨਾਲਾ, 15 ਸਤੰਬਰ
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਇੱਥੇ ਰੇਲਵੇ ਸਟੇਸ਼ਨ ’ਤੇ ਲਾਇਆ ਧਰਨਾ ਅੱਜ 350ਵੇਂ ਦਿਨ ਵੀ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਪੰਜਾਬ ਬੀਜੇਪੀ ਨੇਤਾ ਹਰਿੰਦਰ ਕਾਹਲੋਂ ਵੱਲੋਂ ‘ਕਿਸਾਨਾਂ ਨੂੰ ਡਾਂਗਾਂ ਨਾਲ ਸਿੱਧਾ ਕਰਨ ਦੀ ਜ਼ਰੂਰਤ’ ਵਾਲੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਇਖਲਾਕੀ ਚੜ੍ਹਤ ਅਤੇ ਵਿਸ਼ਾਲ ਸਮਰਥਨ ਮੂਹਰੇ ਸਰਕਾਰ ਤੇ ਬੀਜੇਪੀ ਬੇਬਸ ਹੋਈ ਬੁਖਲਾਹਟ ’ਚ ਹਨ। ਕਾਨੂੰਨਾਂ ਦੀ ਗੈਰ-ਸੰਵਿਧਾਨਿਕਤਾ ਤੇ ਖਾਮੀਆਂ ਲੋਕਾਈ ਵਿੱਚ ਦਿਨ-ਬ-ਦਿਨ ਵਧੇਰੇ ਸਪੱਸ਼ਟ ਹੋ ਰਹੀਆਂ ਹਨ। ਕਿਸਾਨਾਂ ਦਾ ਵੱਡਾ ਜਥਾ ਦਿੱਲੀ ਮੋਰਚਿਆਂ ਵੱਲ ਨੂੰ ਕੂਚ ਵੀ ਕੀਤਾ।
ਅੱਜ ਧਰਨੇ ਨੂੰ ਉਜਾਗਰ ਸਿੰਘ ਬੀਹਲਾ, ਹਰਚਰਨ ਸਿੰਘ ਚੰਨਾ, ਬਲਵਿੰਦਰ ਸਿੰਘ ਪੱਤੀ-ਰੋਡ, ਮਨਜੀਤ ਕੌਰ ਖੁੱਡੀ ਕਲਾਂ, ਬਲਵੀਰ ਕੌਰ ਕਰਮਗੜ੍ਹ, ਪ੍ਰੇਮਪਾਲ ਕੌਰ, ਪੰਜਾਬ ਸਿੰਘ, ਮੇਲਾ ਸਿੰਘ ਕੱਟੂ, ਅਮਰਜੀਤ ਕੌਰ, ਮਨਜੀਤ ਰਾਜ,ਤੇ ਰਣਧੀਰ ਕੌਰ ਰਾਜਗੜ੍ਹ ਨੇ ਸੰਬੋਧਨ ਕੀਤਾ। ਉਧਰ ਰਿਲਾਇੰਸ ਮਾਲ ਮੂਹਰੇ ਲੱਗਿਆ ਧਰਨਾ ਵੀ 350ਵੇਂ ਦਿਨ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ।
ਜ਼ੀਰਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਿਲਾਇੰਸ ਪੰਪ ਵਲੂਰ ਵਿੱਚ ਲਗਾਇਆ ਗਿਆ ਦਿਨ ਰਾਤ ਦਾ ਪੱਕਾ ਧਰਨਾ 351ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਇਸ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਭਾਗ ਸਿੰਘ ਮਰਖਾਈ, ਬਲਾਕ ਪ੍ਰਧਾਨ ਮਹਿੰਦਰ ਸਿੰਘ ਫਿਰੋਜ਼ਸ਼ਾਹ, ਜਰਨਲ ਸਕੱਤਰ ਕੁਲਵੰਤ ਸਿੰਘ ਆਦਿ ਨੇ ਕਿਹਾ ਕਿ ਸੰਯੁਕਤ ਮੋਰਚੇ ਦਿੱਲੀ ਦੇ ਸੱਦੇ ਤੋਂ ਬਿਨਾਂ ਐਵੇਂ ਹੀ ਬਗੈਰ ਕਿਸੇ ਵਜ੍ਹਾ ਹਾਈਵੇਅ ਅਤੇ ਜੀ.ਟੀ ਰੋਡ ’ਤੇ ਧਰਨੇ ਲਾਉਣ ਦੀ ਬਜਾਏ ਸਰਕਾਰੀ ਦਫ਼ਤਰਾਂ ਅੱਗੇ ਧਰਨੇ ਲਾਉਣੇ ਚਾਹੀਦੇ ਹਨ।
ਬਰੇਟਾ (ਪੱਤਰ ਪ੍ਰੇਰਕ): ਸਾਂਝਾ ਕਿਸਾਨ ਮੋਰਚਾ ਜਿਸ ਵੱਲੋਂ ਰੇਲਵੇ ਪਾਰਕਿੰਗ ਵਿੱਚ ਲਾਇਆ ਧਰਨਾ ਅੱਜ ਵੀ ਜਾਰੀ ਰਿਹਾ ਹੈ। ਅੱਜ ਦੇ ਧਰਨ ਨੂੰ ਅਮਰੀਕ ਸਿੰਘ, ਤਾਰਾ ਚੰਦ, ਛੱਜੂ ਸਿੰਘ ਬਰੇਟਾ ਜਗਮੇਲ ਸਿੰਘ ਕੁਲਰੀਆਂ, ਮੇਲਾ ਸਿੰਘ ਦਿਆਲਪੁਰਾ, ਬਲਦੇਵ ਸਿੰਘ ਧਰਮਪੁਰਾ ਆਦਿ ਨੇ ਸੰਬੋਧਨ ਕੀਤਾ।
ਸ਼ਹਿਣਾ (ਪੱਤਰ ਪ੍ਰੇਰਕ): ਕਸਬਾ ਸ਼ਹਿਣਾ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦਾ ਕਾਫ਼ਲਾ ਅੱਜ ਟਿਕਰੀ ਹੱਦ ਲਈ ਰਵਾਨਾ ਹੋਇਆ। ਕਾਫਲੇ ਦੀ ਅਗਵਾਈ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
‘ਆਪ’ ਤੇ ਅਕਾਲੀ ਦਲ ਕਰ ਰਹੇ ਹਨ ਡਰਾਮੇਬਾਜ਼ੀ:ਢਿੱਲੋਂ
ਹੰਢਿਆਇਆ (ਪੱਤਰ ਪ੍ਰੇਰਕ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾਈ ਆਗੂ ਤੇ ਸਾਬਕਾ ਵਿਧਾਇਆ ਕੇਵਲ ਸਿੰਘ ਢਿੱਲੋਂ ਨੇ ਹੰਢਿਆਇਆ ਵਿੱਚ ਪਨੇਸਰ ਕੰਬਾਈਨਜ਼ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ‘ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਕਾਨੂੰਨਾਂ ਦੇ ਇੱਕ ਸਾਲ ਪੂਰੇ ਹੋਣ ’ਤੇ ਕਾਲਾ ਦਿਨ ਮਨਾਉਣ ਦਾ ਐਲਾਨ ਨਿਰਾ ਡਰਾਮੇ ਬਾਜ਼ੀ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਨਣ ਦੇ ਤਿੰਨ ਮਹੀਨੇ ਤੱਕ ਅਕਾਲੀ ਦਲ ਇਨ੍ਹਾਂ ਕਾਨੂੰਨਾਂ ਦਾ ਪ੍ਰਚਾਰ ਕਰਦਾ ਰਿਹਾ ਅਤੇ ਕਾਨੂੰਨਾਂ ਨੂੰ ਕਿਸਾਨ ਦੇ ਪੱਖ ’ਚ ਵੀ ਦੱਸ ਰਿਹਾ ਸੀ। ਇਸੇ ਤਰ੍ਹਾਂ ‘ਆਪ’ ਦੀ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਇਸ ਕਾਨੂੰਨ ਸੰਬੰਧੀ ਖੁਦ ਦਿੱਲੀ ’ਚ ਨੋਟੀਫਿਕੇਸ਼ਨ ਜਾਰੀ ਕਰ ਚੁੱਕੀ ਹੈ। ਪ੍ਰੰਤੂ ਉਪਰੋਂ-ਉਪਰੋਂ ਖੇਤੀ ਕਾਨੂੰਨਾਂ ਦੇ ਵਿਰੋਧ ਦਾ ਡਰਾਮਾ ਕਰਕੇ ਕਿਸਾਨੀ ਵੋਟਾਂ ਵਟੋਰਨ ਲਈ ਮਗਰਮੱਛੀ ਹੰਝੂ ਵਹਾਅ ਰਹੀ ਹੈ।
ਬੈਸਟ ਪ੍ਰਾਈਸ ਮਾਲ ਮੋਰਚੇ ’ਚ ਸ਼ੈੱਡ ਬਣਾਉਣ ਦਾ ਕੰਮ ਜਾਰੀ
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਅੱਗੇ ਚੱਲ ਰਹੇ ਮੋਰਚੇ ਵਾਲੀ ਥਾਂ ’ਤੇ ਚਾਦਰਾਂ ਦਾ ਸ਼ੈੱਡ ਬਣਾਉਣ ਦਾ ਸ਼ੁਰੂ ਕੀਤਾ ਗਿਆ ਕੰਮ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਕਿਸਾਨ ਸ਼ੈੱਡ ਬਣਾਉਣ ਲਈ ਲਗਾਤਾਰ ਮਿਹਨਤ ਕਰ ਰਹੇ ਹਨ। ਇਸ ਕਾਰਨ ਪਿਛਲੇ ਚਾਰ ਦਿਨਾਂ ਤੋਂ ਮੋਰਚੇ ਦੀ ਸਟੇਜ ਰੁਕੀ ਹੋਈ ਹੈ, ਪਰ ਮੋਰਚਾ ਲਗਾਤਾਰ ਜਾਰੀ ਹੈ। ਇਸ ਮੌਕੇ ਕਿਸਾਨ ਆਗੂ ਅਜਮੇਰ ਸਿੰਘ ਤੇ ਬਲਤੇਜ ਸਿੰਘ ਚੱਕ ਫ਼ਤਹਿ ਸਿੰਘ ਵਾਲਾ, ਬਲਤੇਜ ਸਿੰਘ ਚੱਕ ਰਾਮ ਸਿੰਘ ਵਾਲਾ ਤੇ ਡਾ. ਸਿਕੰਦਰ ਸਿੰਘ ਨੇ ਸੰਬੋਧਨ ਕੀਤਾ।