ਖੇਤਰੀ ਪ੍ਰਤੀਨਿਧ
ਬਰਨਾਲਾ, 8 ਨਵੰਬਰ
ਭਾਰਤੀ ਫੌਜਾਂ ਦੇ ਸੀਡੀਐੱਸ ਜਨਰਲ ਰਾਵਤ ਵੱਲੋਂ ਕੇਂਦਰ ਸਰਕਾਰ ਨੂੰ ਰਿਟਾਇਰਮੈਂਟ ਉਮਰ ‘ਚ ਵਾਧੇ ਅਤੇ ਪੈਨਸ਼ਨ ‘ਚ ਕਟੌਤੀ ਦੀ ਭੇਜੀ ਤਜਵੀਜ਼ ਦੇ ਮੁੱਦੇ ਨੂੰ ਲੈ ਕੇ ਸਾਬਕਾ ਸੈਨਿਕ ਵਿੰਗ ਦੇ ਸੂਬਾਈ ਆਗੂ ਇਜ. ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਇਥੇ ਵਿੰਗ ਦੀ ਮੀਟਿੰਗ ਹੋਈ, ਜਿਸ ਵਿੱਚ ਇਸ ਤਜਵੀਜ਼ ਪ੍ਰਤੀ ਗੁੱਸਾ ਪ੍ਰਗਟਾਇਆ ਗਿਆ। ਸ੍ਰੀ ਸਿੱਧੂ ਨੇ ਦੱਸਿਆ ਕਿ ਜਨਰਲ ਰਾਵਤ ਵੱਲੋਂ ਕਥਿਤ ਤੌਰ ‘ਤੇ ਆਪਣੇ ਕਿਸੇ ਵੱਡੇ ਆਸ਼ੇ ਤਹਿਤ ਕੇਂਦਰੀ ਹਾਕਮਾਂ ਨੂੰ ਖੁਸ਼ ਕਰਨ ਦੇ ਮੱਦੇਨਜ਼ਰ ਇਹ ਤਜਵੀਜ਼ ਭੇਜੀ ਗਈ ਹੈ, ਜਿਸ ਕਾਰਨ ਲੱਖਾਂ ਸਰਵਿੰਗ ਅਤੇ ਰਿਟਾਇਰਡ ਅਫ਼ਸਰਾਂ, ਜੇਸੀਓਜ਼ ਅਤੇ ਜਵਾਨਾਂ ਦੇ ਮਨਾਂ ਵਿੱਚ ਭਾਰੀ ਰੋਸ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਇਸ ਤਜਵੀਜ਼ ਦਾ ਉਹ ਪੁਰਜ਼ੋਰ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਪੱਤਰ ਲਿਖ ਕੇ ਸੂਚਿਤ ਕਰਨਗੇ ਕਿ ਇਸ ਪ੍ਰਸਤਾਵ ਨੂੰ ਅਮਲ ਵਿੱਚ ਲਿਆਉਣ ਨਾਲ ਦੇਸ਼ ਦੀਆਂ ਫੌਜਾਂ ਦੇ ਮਨੋਬਲ ‘ਤੇ ਵੀ ਨਾਕਾਰਾਤਮਕ ਅਸਰ ਪਵੇਗਾ। ਇਸ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੈਨਿੰਗ ਵਿੰਗ ਕਿਸੇ ਵੀ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗਾ।