ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 7 ਸਤੰਬਰ
ਪਿੰਡ ਸਿੱਖਾਂਵਾਲਾ ’ਚ ਆਬਕਾਰੀ ਵਿਭਾਗ ਫ਼ਰੀਦਕੋਟ ਵੱਲੋਂ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਵਿਰੁੱਧ ਪਿੰਡ ਵਾਸੀਆਂ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਹੈ। ਠੇਕਾ ਚੁੱਕਵਾਉਣ ਲਈ ਪਿੰਡ ਦੇ ਵਸਨੀਕਾਂ ਨੇ ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾਈ ਵਾਈਸ ਪ੍ਰਧਾਨ ਬੋਹੜ ਸਿੰਘ ਘਾਰੂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਠੇਕਾ ਤੁਰੰਤ ਚੁਕਵਾਉਣ ਦੀ ਚਿਤਾਵਨੀ ਦਿੱਤੀ।
ਪ੍ਰਦਰਸ਼ਨਕਾਰੀਆਂ ਨੇ ਕੈਪਟਨ ਸਰਕਾਰ ’ਤੇ ਵਰ੍ਹਦਿਆਂ ਆਖਿਆ ਕਿ ਕਾਂਗਰਸ ਰਾਜ ਸ਼ਰਾਬ ਠੇਕੇਦਾਰ ਨੇ ਸਰਕਾਰ ਨੂੰ ਆਪਣੇ ਵਿਹੜੇ ਦੀ ਕਠਪੁਤਲੀ ਬਣਾ ਲਿਆ ਹੈ। ਸ਼ਰਾਬ ਠੇਕਾ ਖੋਲ੍ਹਣ ਦੇ ਸਾਰੇ ਨਿਯਮਾਂ ਨੂੰ ਛਿੱਕੇ ਤੇ ਟੰਗੇ ਗਏ ਹਨ ਤੇ ਜਿਥੇ ਜੀ ਕਰਦਾ ਹੈ ਸ਼ਰਾਬ ਦੇ ਠੇਕੇਦਾਰ ਖੋਖੇ ਰੱਖ ਕੇ ਠੇਕਾ ਖੋਲ੍ਹ ਦਿੰਦੇ ਹਨ। ਜਿਥੇ ਜੀ ਕਰਦਾ ਹੈ ਚਾਰ ਪਹੀਆ ਵਾਹਨਾਂ ਵਿਚ ਸ਼ਰਾਬ ਲੱਦ ਦੇ ਵਿਕਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਸ਼ਰਾਬ ਠੇਕੇਦਾਰ ਨੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਪਿੰਡ ਵਿੱਚ ਖੋਖਾ ਰੱਖ ਕੇ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ। ਠੇਕੇਦਾਰਾਂ ਦੀ ਇਸ ਕਾਰਵਾਈ ਨਾਲ ਪੂਰੇ ਪਿੰਡ ਦਾ ਮਾਹੌਲ ਖ਼ਰਾਬ ਹੋ ਗਿਆ ਹੈ। ਲੋਕਾਂ ਦੇ ਗੁੱਸੇ ਨੂੰ ਵੇਖਦੇ ਹੋਏ ਮੌਕੇ ’ਤੇ ਪੁੱਜੀ ਸਦਰ ਪੁਲੀਸ ਨੇ ਲੋਕਾਂ ਨੂੰ ਸ਼ਾਂਤ ਕੀਤਾ ਤੇ ਸਮੱਸਿਆ ਹੱਲ ਕਰਵਾਉਣ ਦਾ ਭਰੋਸਾ ਦਿੱਤਾ।